ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਚੰਡੀਗੜ੍ਹ ਪਹੁੰਚੇ ਸਨ ਪਰ ਇਥੇ ਪਹੁੰਚਣ ਤੋਂ ਬਾਅਦ ਉਹ ਆਪ ਹੀ ਵਿਵਾਦ ਵਿਚ ਫਸ ਗਏ ਹਨ।
ਦੱਸ ਦਈਏ ਕਿ ਮੀਟਿੰਗ ਦੌਰਾਨ ਰਾਵਤ ਨੇ ਇੱਕ ਅਜਿਹਾ ਬਿਆਨ ਦਿੱਤਾ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਵੱਬ ਬਣ ਗਿਆ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਮੀਟਿੰਗ ਤੋਂਂ ਬਾਅਦ ਰਾਵਤ ਨੇ ਪਾਰਟੀ ਦੇ ਪੰਜੇ ਪ੍ਰਧਾਨਾਂ ਨੂੰ ਪੰਜ ਪਿਆਰੇ ਦਸਿਆ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ (SAD) ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਰਾਵਤ ਤੋਂ ਮੰਗ ਕੀਤੀ ਕਿ ਉਹ ਸਿੱਖ ਭਾਈਚਾਰੇ ਤੋਂ ਤੁਰਤ ਮਾਫ਼ੀ ਮੰਗਣ।
ਉਨ੍ਹਾਂ ਪਾਰਟੀ ਸੰਗਠਨ ਦੇ ਹੇਠਲੇ ਪੱਧਰ ਤਕ ਗਠਨ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਪੰਜ ਪਿਆਰੇ ਇਸ ਕੰਮ ਵਿਚ ਲੱਗੇ ਹੋਏ ਹਨ। ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਰਾਵਤ ਦੇ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, "ਸਿੱਖ ਧਰਮ 'ਚ ਪੰਜ ਪਿਆਰਿਆਂ ਦਾ ਰੁਤਬਾ ਬਹੁਤ ਮਹਾਨ ਹੈ ਜਿਨ੍ਹਾਂ ਦੀ ਕਾਂਗਰਸ ਪ੍ਰਧਾਨ ਨਾਲ ਤੁਲਨਾ ਕਰ ਕੇ ਰਾਵਤ ਨੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਰਾਵਤ ਇਸ ਬਿਅਨ ਲਈ ਮਾਫ਼ੀ ਮੰਗਣ।"