ਕਰਨਾਲ- ਸੰਯੁਕਤ ਕਿਸਾਨ ਮੋਰਚਾ ਤੋਂ ਮੁਅੱਤਲ ਅਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਵੱਲੋਂ 29 ਅਗਸਤ ਨੂੰ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ। ਜਿਸ 'ਚ ਉਨ੍ਹਾਂ ਹਰਿਆਣਾ ਦੇ ਕਰਨਾਲ 'ਚ ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਅਣਮਨੁੱਖੀ ਲਾਠੀਚਾਰਜ ਨੂੰ ਨਿੰਦਿਆਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਲਾਈ ਬੈਠੇ ਹਨ ਅਤੇ ਕੇਂਦਰ ਸਰਕਾਰ ਨਾਲ 11 ਵਾਰ ਗੱਲਬਾਤ ਵੀ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ, ਹੁਣ ਤਾਂ ਪਿਛਲੇ 7 ਮਹੀਨਿਆਂ ਤੋਂ ਗੱਲਬਾਤ ਵੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇੰਨਾਂ ਦਿਨਾਂ 'ਚ 2 ਡੀਗਰੀ ਤੋਂ ਲੈ ਕੇ 45 ਡੀਗਰੀ ਤੱਕ ਤਾਪਮਾਨ ਸਹਿਣ ਕੀਤਾ ਹੈ ਅਤੇ ਇਸ ਧਰਨੇ ਦੌਰਾਨ ਲਗਭਗ 650 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਫਿਰ ਵੀ ਸਾਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਇਸ 'ਤੇ ਸਾਨੂੰ ਤੁਹਾਡੀ ਰਾਏ ਦੀ ਜ਼ਰੂਰਤ ਹੈ। ਇਸ ਲਈ ਹਰਿਆਣਾ 'ਚ 30 ਅਗਸਤ ਨੂੰ ਸਾਰੇ ਕਿਸਾਨ ਸੰਗਠਨਾਂ ਵੱਲੋਂ ਇਕ ਮੀਟਿੰਗ ਰੱਖੀ ਗਈ ਹੈ, ਜਿਸ 'ਚ ਇਸ ਸਾਰੇ ਮਸਲੇ 'ਤੇ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਰਾਏ ਦੇਣ, ਲੋਕਾਂ ਦੀ ਰਾਏ ਮੁਤਾਬਕ ਹੀ ਫੈਸਲਾ ਲਿਆ ਜਾਵੇਗਾ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਜੋਸ਼ ਜਾਂ ਜਲਦਬਾਜ਼ੀ 'ਚ ਨਹੀਂ ਸਗੋਂ ਠੰਡੇ ਦਿਮਾਗ ਨਾਲ ਰਾਏ ਦੇਣ ਦੀ ਜ਼ਰੂਰਤ ਹੈ।