ਟੋਰਾਂਟੋ : ਟੋਰਾਂਟੋ ਦੇ ਡਾਊਨ ਟਾਊਨ ਇਲਾਕੇ ਵਿੱਚ ਸ਼ਨਿੱਚਰਵਾਰ ਸਵੇਰੇ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਜ਼ਖਮੀ ਹੋ ਗਈ। ਦੋਵਾਂ ਔਰਤਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਡਾਊਨ ਟਾਊਨ ਇਲਾਕੇ ਦੇ ਐਡੀਲੇਡ ਤੇ ਡੰਕਨ ਸਟਰੀਟ ਖੇਤਰ ਵਿੱਚ ਸ਼ਨਿੱਚਰਵਾਰ ਸਵੇਰੇ ਲਗਭਗ 5 ਵਜੇ ਗੋਲੀਆਂ ਚੱਲੀਆਂ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉੱਥੇ ਦੋ ਔਰਤਾਂ ਤੇ ਇੱਕ ਮਰਦ ਜ਼ਖਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਔਰਤਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਪਰ ਜ਼ਖਮੀ ਹੋਏ 30 ਸਾਲਾ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਪੁਲਿਸ ਨੇ ਜਨਤਕ ਨਹੀਂ ਕੀਤੀ ਹੈ, ਸਿਰਫ਼ ਇੰਨਾ ਦੱਸਿਆ ਗਿਆ ਹੈ ਕਿ ਉਸ ਦੀ ਉਮਰ 30 ਸਾਲ ਸੀ। ਘਟਨਾ ਦਾ ਸ਼ਿਕਾਰ ਹੋਏ ਤਿੰਨੇ ਵਿਅਕਤੀ ਇੱਕ-ਦੂਜੇ ਨੂੰ ਜਾਣਦੇ ਸਨ। ਪੁਲਿਸ ਮੁਤਾਬਕ ਗੋਲੀਬਾਰੀ ਦੀ ਵਾਰਦਾਤ ਮਗਰੋਂ ਇੱਕ ਚਿੱਟੇ ਰੰਗ ਦਾ ਵਾਹਨ ਸਬੰਧਤ ਇਲਾਕੇ ਵਿੱਚੋਂ ਜਾਂਦਾ ਹੋਇਆ ਦਿਖਾਈ ਦਿੱਤਾ, ਪਰ ਹਾਲੇ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਵਿੱਚੋਂ ਬਾਹਰ ਹਨ ਤੇ ਉਨ੍ਹਾਂ ਦਾ ਸੁਰਾਗ ਲਾਉਣ ਲਈ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।