ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਿਹਾ ਕਿ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅੱਤਵਾਦੀਆਂ ਨੂੰ ਲੱਭ ਕੇ ਸਜ਼ਾ ਦਿਆਂਗੇ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਅਸੀਂ ਹੋਰ ਫੌਜ ਅਫਗਾਨਿਸਤਾਨ ਭੇਜਾਂਗੇ। ਅਸੀਂ ਆਪਣੇ ਸਮੇਂ ਅਤੇ ਆਪਣੀ ਥਾਂ 'ਤੇ ਇਸ ਅੱਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿਆਂਗੇ। ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਆਈ.ਐੱਸ.ਆਈ.ਐੱਸ. ਨੇ ਲਈ ਹੈ। ਇਸ ਅੱਤਵਾਦੀ ਹਮਲੇ ਵਿੱਚ ਹੁਣ ਤਕ ਕਰੀਬ 72 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 143 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਹਮਲੇ ਵਿੱਚ 12 ਅਮਰੀਕੀ ਫੌਜੀ ਵੀ ਮਾਰੇ ਗਏ ਅਤੇ 15 ਜ਼ਖਮੀ ਹੋਏ ਹਨ। ਦਰਅਸਲ ਕਾਬੁਲ ਹਵਾਈ ਅੱਡੇ 'ਤੇ ਧਮਾਕੇ ਤੋਂ ਬਾਅਦ ਬਾਈਡੇਨ ਲਾਈਵ ਹੋਏ। ਉਹ ਭਾਰਤੀ ਸਮੇਂ ਮੁਤਾਬਕ ਦੇਰ ਰਾਤ ਕਰੀਬ 3 ਵਜੇ ਲਾਈਵ ਹੋਏ। ਉਨ੍ਹਾਂ ਨੇ ਇਸ ਕਾਬੁਲ ਹਵਾਈ ਅੱਡੇ ਦੇ ਹੋਏ ਬੰਬ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਅਮਰੀਕੀ ਫੌਜੀਆਂ ਦੀ ਮੌਤ ਨੂੰ ਅਸੀਂ ਭੁੱਲਾਂਗੇ ਨਹੀਂ। ਮ੍ਰਿਤਕ ਅਮਰੀਕੀ ਫੌਜੀਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ।