ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਦੇ ਝੰਭੇ ਲੋਕ ਹਾਲੇ ਤਕ ਪੂਰੀ ਤਰ੍ਹਾਂ ਉਭਰੇ ਨਹੀਂ ਉਪਰੋਂ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਦਿਸ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਹੁਣ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਪਿਛਲੇ ਪੰਜ ਦਿਨਾਂ ਦੇ ਅੰਕੜੇ ਵੇਖੇ ਜਾਣ ਤਾਂ ਇਹ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਤੀਜੀ ਲਹਿਰ ਆ ਸਕਦੀ ਹੈ ਅਤੇ ਫਿਰ ਤੋਂ ਤਾਲਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਦੇ 46 ਹਜ਼ਾਰ 164 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਛੂਤ ਕਾਰਨ 607 ਲੋਕਾਂ ਦੀ ਮੌਤ ਵੀ ਹੋ ਗਈ ਹੈ। ਭਾਵੇਂ, ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਹੁਣ ਵਧ ਕੇ ਤਿੰਨ ਕਰੋੜ 17 ਲੱਖ 88 ਹਜ਼ਾਰ 440 ਹੋ ਗਈ ਹੈ। ਹੁਣ ਦੇਸ਼ ਵਿੱਚ ਸਰਗਰਮ ਮਾਮਲੇ ਵਧ ਕੇ ਤਿੰਨ ਲੱਖ 33 ਹਜ਼ਾਰ 725 ਹੋ ਗਏ ਹਨ ਭਾਵ ਇੰਨੇ ਵਿਅਕਤੀ ਇਸ ਵੇਲੇ ਹਸਪਤਾਲਾਂ ’ਚ ਇਲਾਜ ਅਧੀਨ ਹਨ।
ਜੇਕਰ 22 ਅਗਸਤ ਦੀ ਗੱਲ ਕੀਤੀ ਜਾਵੇ ਤਾਂ 30948 ਮਾਮਲੇ ਮਿਲੇ ਸਨ ਜੋ ਕਿ 23 ਅਗਸਤ ਨੂੰ 25072 ਮਾਮਲੇ ਸਨ। ਇਹੀ ਮਾਮਲੇ ਹੁਣ ਵੱਧ ਕੇ ਅੱਜ 46 ਹਜ਼ਾਰ 164 ਨਵੇਂ ਬਣ ਰਹੇ ਹਨ। ਕੇਰਲ ਰਾਜ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਕੇਰਲ ਵਿੱਚ, ਬੁੱਧਵਾਰ, 25 ਅਗਸਤ ਨੂੰ, ਕੋਵਿਡ ਦੇ ਮਾਮਲੇ ਇੱਕ ਵਾਰ ਫਿਰ 31 ਹਜ਼ਾਰ ਨੂੰ ਪਾਰ ਕਰ ਗਏ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 215 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁੱਲ ਸਰਗਰਮ ਮਾਮਲੇ 1 ਲੱਖ 70 ਹਜ਼ਾਰ 312 ਹਨ।