ਨਵੀਂ ਦਿੱਲੀ : ਫੇਸਬੁੱਕ ਨੇ ਦੇਸ਼ ਦੇ ਛੋਟੇ ਕਾਰੋਬਾਰੀਆਂ ਨੂੰ 50 ਲੱਖ ਤਕ ਦੇ ਕਰਜ਼ੇ ਦੇਣ ਲਈ ਇੰਡੀਫੀ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਰਜ਼ੇ ਦੇ ਪੈਸੇ ਤੁਹਾਡੇ ਖਾਤੇ ਵਿਚ 5 ਦਿਨਾਂ ਦੇ ਅੰਦਰ ਆ ਜਾਣਗੇ। ਇਸਦੇ ਨਾਲ, ਤੁਹਾਨੂੰ ਸਿਰਫ਼ ਜ਼ਰੂਰਤ ਦੇ ਸਮੇਂ ਪੈਸੇ ਮਿਲਣਗੇ, ਜਿਸਦੇ ਕਾਰਨ ਤੁਸੀਂ ਕਿਸੇ ਵੀ ਮੌਕੇ ਦਾ ਅਸਾਨੀ ਨਾਲ ਫਾਇਦਾ ਉਠਾ ਸਕਦੇ ਹੋ ਅਤੇ ਚੰਗੀ ਕਮਾਈ ਕਰ ਸਕਦੇ ਹੋ। ਤੁਹਾਨੂੰ ਇਸ ਕਰਜ਼ੇ 'ਤੇ ਵਿਆਜ ਦੀ ਛੋਟ ਵੀ ਮਿਲੇਗੀ। ਕੰਪਨੀ ਨੇ ਪਹਿਲੀ ਵਾਰ ਭਾਰਤ ਲਈ 'ਸਮਾਲ ਬਿਜ਼ਨਸ ਲੋਨ ਇਨੀਸ਼ੀਏਟਿਵ' ਸਕੀਮ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਫੇਸਬੁੱਕ ਨੇ ਅਜਿਹੀ ਸਕੀਮ ਦੁਨੀਆ ਦੇ ਕਿਸੇ ਹੋਰ ਦੇਸ਼ ਵਿਚ ਸ਼ੁਰੂ ਨਹੀਂ ਕੀਤੀ ਹੈ। ਫੇਸਬੁੱਕ ਨੇ ਇਸ ਸਕੀਮ ਲਈ ਵਿੱਤੀ ਕੰਪਨੀ ਇੰਡੀਫੀ ਨਾਲ ਸਾਂਝੇਦਾਰੀ ਕੀਤੀ ਹੈ। ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਇੰਡੀਫੀ ਦੁਆਰਾ ਪੈਸਾ ਦਿੱਤਾ ਜਾਵੇਗਾ, ਪਰ ਫੇਸਬੁੱਕ ਵੀ ਇਸ ਵਿਚ ਆਪਣੀ ਭੂਮਿਕਾ ਨਿਭਾਏਗੀ।
ਫੇਸਬੁੱਕ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਦੇ ਅਨੁਸਾਰ, ਕੰਪਨੀ ਇਸ ਸਕੀਮ ਦੇ ਰਾਹੀਂ, ਛੋਟੇ ਕਾਰੋਬਾਰਾਂ ਨੂੰ ਬਿਨਾਂ ਕੋਈ ਚੀਜ਼ ਗਹਿਣੇ ਪੂੰਜੀ ਪ੍ਰਦਾਨ ਕਰਨਾ ਚਾਹੁੰਦੀ ਹੈ। ਹਾਲਾਂਕਿ, ਇਸ ਯੋਜਨਾ ਦੇ ਤਹਿਤ ਕਰਜ਼ਾ ਲੈਣ ਲਈ, ਛੋਟੇ ਵਪਾਰੀਆਂ ਨੂੰ ਪਹਿਲਾਂ ਆਪਣੇ ਕਾਰੋਬਾਰ ਦਾ ਇਸ਼ਤਿਹਾਰ ਫੇਸਬੁੱਕ ਵਿਚ ਦੇਣਾ ਪਵੇਗਾ। ਇਸ ਤੋਂ ਬਾਅਦ ਉਹ 5 ਲੱਖ ਤੋਂ 50 ਲੱਖ ਰੁਪਏ ਤਕ ਦਾ ਲੋਨ ਲੈ ਸਕਣਗੇ। ਇਸ ਕਰਜ਼ੇ 'ਤੇ 17 ਤੋਂ 20 ਫੀਸਦੀ ਦੀ ਦਰ 'ਤੇ ਵਿਆਜ ਵਸੂਲਿਆ ਜਾਵੇਗਾ। ਇੰਡੀਫਾਈ ਇਸ ਲੋਨ ਲਈ ਬਿਨੈ ਕਰਨ ਵਾਲੇ ਲੋਕਾਂ ਤੋਂ ਲੋਨ ਅਰਜ਼ੀ 'ਤੇ ਕੋਈ ਪ੍ਰੋਸੈਸਿੰਗ ਫੀਸ ਵੀ ਨਹੀਂ ਲਵੇਗੀ। ਛੋਟੇ ਕਾਰੋਬਾਰੀਆਂ ਨੂੰ ਕੋਈ ਜਮਾਨਤ ਵੀ ਨਹੀਂ ਦੇਣੀ ਪਵੇਗੀ। ਨਾਲ ਹੀ, ਮਹਿਲਾ ਕਾਰੋਬਾਰੀਆਂ ਨੂੰ ਵਿਆਜ ਦਰ ਵਿਚ 0.2 ਪ੍ਰਤੀਸ਼ਤ ਦੀ ਛੋਟ ਮਿਲੇਗੀ। ਇਸ ਵੇਲੇ ਇਹ ਸਕੀਮ ਦੇਸ਼ ਦੇ 200 ਸ਼ਹਿਰਾਂ ਵਿਚ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਇਸ ਪ੍ਰੋਗਰਾਮ ਵਿਚ ਫੇਸਬੁੱਕ ਵੱਲੋਂ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ। ਲੋਨ ਦੀ ਸਾਰੀ ਰਕਮ ਇੰਡੀਫੀ ਦੇਵੇਗੀ ਅਤੇ ਕਾਰੋਬਾਰੀਆਂ ਨੂੰ ਵੀ ਲੋਨ ਦੀ ਰਕਮ ਇੰਡੀਫੀ ਨੂੰ ਅਦਾ ਕਰਨੀ ਪਵੇਗੀ।