ਮੋਹਾਲੀ/ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਬੇਰੁਜ਼ਗਾਰ ਸਟੈਨੋ ਯੂਨੀਅਨ ਦੇ ਆਗੂਆਂ ਵਲੋਂ ਦੱਸਿਆ ਗਿਆ ਕਿ ਅਸੀਂ ਪਿਛਲੇ 74 ਸਾਲਾਂ ਤੋਂ 15 ਅਗਸਤ ਦਾ ਆਜ਼ਾਦੀ ਦਿਹਾੜਾ ਮੰਨਾਉਂਦੇ ਆ ਰਹੇ ਹਾਂ ਪਰ ਸਾਨੂੰ ਅੱਜ ਤੱਕ ਨਾ ਆਰਥਿਕ ਆਜ਼ਾਦੀ ਮਿਲੀ ਹੈ ਨਾ ਵਿੱਦਿਅਕ ਤੇ ਨਾ ਸਮਾਜਿਕ ਜੇ ਸਾਨੂੰ ਆਰਥਿਕ ਆਜ਼ਾਦੀ ਮਿਲੀ ਹੁੰਦੀ ਤਾਂ ਪੰਜਾਬ ਦਾ ਹਰ ਇੱਕ ਮਜ਼ਦੂਰ ਵਰਗ ਖੁਸ਼ਹਾਲ ਹੁੰਦਾ ਉਹਨਾਂ ਦੀ ਹਾਲਤ ਇੰਨੀ ਬਦਤਰ ਨਾ ਹੁੰਦੀ ਜਿੰਨੀ ਹੁਣ ਹੋ ਰਹੀ ਹੈ। ਅੱਜ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਸੜਕਾਂ ਤੇ ਆਪਣੇ ਹੱਕਾਂ ਲਈ ਨਾ ਉਤਰਦਾ ਅਤੇ ਸੁਖਵਿੰਦਰ ਸਿੰਘ ਵਰਗਿਆਂ ਨੂੰ ਟਾਵਰ ਤੇ ਚੜ੍ਹ ਕੇ ਸਵਾ ਸੌ ਦਿਨ ਰੁਜ਼ਗਾਰ ਨਾ ਮੰਗਣਾ ਪੈਂਦਾ ਤੇ ਪੰਜਾਬ ਸਿੱਖਿਆ ਬੋਰਡ ਦੀ ਉਪਰਲੀ ਮੰਜ਼ਿਲ ਤੇ ਚੜ੍ਹ ਕੇ ਬੇਰੁਜ਼ਗਾਰਾਂ ਨੂੰ ਇਹ ਨਾ ਕਹਿਣਾ ਪੈਂਦਾ ਕਿ ਸਾਨੂੰ 18 ਸਾਲ ਹੋ ਗਏ ਛੇ ਹਜ਼ਾਰ ਤੇ ਪੜ੍ਹਾਉਂਦਿਆਂ ਨੂੰ ਸਾਨੂੰ ਪੱਕੇ ਕਰੋ।
ਪੰਜਾਬ ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਘਰ-ਘਰ ਨੌਕਰੀ ਦਾ ਕੀਤਾ ਵਾਅਦਾ ਖੋਖਲਾ ਨਿਕਲਿਆ ਅੱਜ ਪੰਜਾਬ ਦਾ ਹਰ ਇੱਕ ਵਰਗ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹੈ ਇਨ੍ਹਾਂ ਵਰਗਾਂ ਵਿੱਚੋਂ ਇੱਕ ਵਰਗ ਬੇਰੁਜ਼ਗਾਰ ਸਟੈਨੋ ਟਾਇਪਿਸਟ ਵੀ ਹਨ ਜਿਹੜੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਟੈਨੋ ਟਾਇਪਿਸਟ ਦੀਆਂ ਆਸਾਮੀਆਂ ਦੀ ਉਡੀਕ ਕਰ ਰਹੇ ਹਨ ਉਹਨਾਂ ਕਿਹਾ ਕਿ ਸਾਡਾ ਪੰਜਾਬ ਕਾਂਗਰਸ ਸਰਕਾਰ ਦੀ ਘਰ-ਘਰ ਰੁਜ਼ਗਾਰ ਦੀ ਸਕੀਮ ਦੇ ਲਾਰਿਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਪੰਜਾਬ ਦੇ ਕੁਝ ਆਦਾਰੇ ਸਟੈਨੋ ਟਾਈਪਿਸਟ ਦੀ ਮੁਫ਼ਤ ਟ੍ਰੇਨਿੰਗ ਦੇ ਰਹੇ ਹਨ ਜਦੋਂ ਉਨ੍ਹਾਂ ਨੂੰ ਸਾਢੇ 4 ਸਾਲ ਤੋਂ ਵੱਧ ਸਮਾਂ ਸਰਕਾਰ ਦਾ ਲੰਘ ਜਾਣ ਤੇ ਇਕ ਵੀ ਮੌਕਾ ਨਹੀਂ ਦੇਣਾ ਤਾਂ ਫਿਰ ਉਹਨਾਂ ਦੇ ਨਾਲ ਕੋਜਾ ਮਜ਼ਾਕ ਸਰਕਾਰ ਕਿਉਂ ਕਰ ਰਹੀ ਹੈ।
ਸਟੈਨੋ ਟਾਇਪਿਸਟ ਦੀਆਂ ਆਸਾਮੀਆਂ ਦੇ ਸਬੰਧ ਵਿਚ ਅਸੀਂ ਪਿਛਲੇ ਦੋ ਸਾਲਾਂ ਤੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਸਨ ਅਤੇ ਅੱਜ ਤੱਕ ਸਰਕਾਰ ਵਲੋਂ ਸਾਡੇ ਦਿੱਤੇ ਮੰਗ ਪੱਤਰਾਂ ਤੇ ਕੋਈ ਅਮਲ ਨਹੀਂ ਕੀਤਾ ਗਿਆ ਜਿਸ ਤੋਂ ਅਸੀਂ ਪ੍ਰੇਸ਼ਾਨ ਹੋ ਕੇ 23-06-2021 ਨੂੰ ਪੰਜਾਬ ਐੱਸ.ਐੱਸ.ਐੱਸ.ਬੋਰਡ ਮੋਹਾਲੀ ਗੇਟ ਅੱਗੇ ਬੈਠ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤਾਂ ਬੋਰਡ ਦੇ ਅਧਿਕਾਰੀਆਂ ਵਲੋਂ ਮੰਗ ਪੱਤਰ ਲਿਆ ਗਿਆ ਤੇ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀ ਚੇਅਰਮੈਨ ਸ੍ਰੀ ਰਮਨ ਬਹਿਲ ਤੇ ਸੈਕਟਰੀ ਅਮਨਦੀਪ ਬਾਂਸਲ ਨਾਲ ਮੀਟਿੰਗ ਰੱਖੀ ਜਾਵੇਗੀ ਤੇ ਨਿਰਧਾਰਿਤ ਕੀਤੀ ਮਿਤੀ 02-07-2021 ਨੂੰ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਸਾਹਿਬ ਵਲੋਂ ਕਿਹਾ ਗਿਆ ਕਿ ਸਾਡੇ ਕੋਲ 300 ਦੇ ਲਗਪਗ ਪੰਜਾਬੀ ਸਟੈਨੋ ਟਾਇਪਿਸਟ ਦੀਆਂ ਆਸਾਮੀਆਂ ਦੇ ਖਾਲੀ ਹੋਣ ਦੇ ਸਬੰਧ ਵਿਚ ਵੱਖ ਵੱਖ ਵਿਭਾਗਾਂ ਵਲੋਂ ਖਾਲੀ ਪਈਆਂ ਪੰਜਾਬੀ ਸਟੈਨੋ ਟਾਇਪਿਸਟ ਦੀਆਂ ਆਸਾਮੀਆਂ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਸੈੱਸ ਨੂੰ 15 ਦਿਨਾਂ ਦਾ ਸਮਾਂ ਲੱਗੇਗਾ।
ਉਸ ਤੋਂ ਬਾਅਦ ਤੁਹਾਡੀਆਂ ਆਸਾਮੀਆਂ ਦਾ ਇਸ਼ਤਿਹਾਰ ਜੁਲਾਈ ਮਹੀਨੇ ਦੇ ਆਖੀਰ ਵਿਚ ਕੱਢ ਦੇਵਾਂਗੇ ਪਰ ਹੁਣ ਤੱਕ ਸਾਡੀਆਂ ਆਸਾਮੀਆਂ ਦਾ ਕੋਈ ਵੀ ਇਸ਼ਤਿਹਾਰ ਨਹੀਂ ਆਇਆ ਜਿਸ ਦੇ ਸਬੰਧ ਵਿਚ ਪੰਜਾਬੀ ਸਟੈਨੋ ਟਾਇਪਿਸਟ ਦੀ ਤਿਆਰੀ ਕਰਦੇ ਬੱਚਿਆਂ ਵਿਚ ਬਹੁਤ ਨਿਰਾਸ਼ਾ ਪਾਈ ਜਾ ਰਹੀ ਹੈ ਹੁਣ ਸਾਰੇ ਬੇਰੁਜ਼ਗਾਰ ਸਟੈਨੋ ਟਾਇਪਿਸਟ ਮਜਬੂਰ ਹੋ ਕੇ ਦੁਬਾਰਾ ਪੰਜਾਬ ਐੱਸ.ਐੱਸ.ਐੱਸ.ਬੋਰਡ ਮੋਹਾਲੀ ਵਿਖੇ 23-08-2021 ਨੂੰ ਬਹੁਤ ਭਾਰੀ ਗਿਣਤੀ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਜਾ ਰਹੇ ਹਨ। ਜੇਕਰ ਸਟੈਨੋ ਟਾਈਪਿਸਟਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ ਤਾਂ ਸਾਨੂੰ ਵੀ ਟੀਚਰਾਂ ਵਾਂਗ ਭੁੱਖ ਹੜਤਾਲ ਮਰਨ ਵਰਤ ਜਾਂ ਟਾਵਰ ਜਾਂ ਬੋਰਡ ਦੀ ਉਪਰਲੀ ਮੰਜਿਲ ਤੋਂ ਆਪਣੀ ਜਾਨ ਦੇ ਕੇ ਪੰਜਾਬ ਸਰਕਾਰ ਦੇ ਨੀਂਦ ਖੋਲ੍ਹਣੀ ਪਵੇਗੀ।