ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨਿਆ ਗਾਂਧੀ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਸਣੇ 19 ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਡਿਜਿਟਲ ਬੈਠਕ ਕੀਤੀ ਅਤੇ ਅਪੀਲ ਕੀਤੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲਈ ਇੱਕਜੁਟ ਹੋਣ ਅਤੇ ਦੇਸ਼ ਦੇ ਸੰਵਿਧਾਨਕ ਪ੍ਰਾਵਧਾਨਾਂ ਅਤੇ ਆਜ਼ਾਦੀ ਅੰਦੋਲਨ ਦੇ ਮੁੱਲਾਂ ਵਿੱਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਦੇ ਗਠਨ ਲਈ ਅੱਗੇ ਆਉਣ। ਇਸ ਮੌਕੇ ਵਿਰੋਧੀ ਧਿਰਾਂ ਨੇ ਪੈਗਾਸਸ ਜਾਸੂਸੀ ਮਾਮਲਾ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ‘ਤੇ ਹਮਲਾ ਕੀਤਾ ਹੈ। ਉਨ੍ਹਾਂ 11 ਸੂਤਰੀ ਮੰਗ ਰੱਖਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 20 ਤੋਂ 30 ਸਤੰਬਰ ਤੱਕ ਦੇਸ਼ ਪੱਧਰੀ ਪ੍ਰਦਰਸ਼ਨ ਕਰਨਗੇ। ਮੀਟਿੰਗ ਤੋਂ ਬਾਅਦ ਵਿਰੋਧੀ ਧਿਰਾਂ ਦੇ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਪੈਗਾਸਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜਾਂਚ ਕਰਵਾਏ, ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਮਹਿੰਗਾਈ ‘ਤੇ ਲਗਾਮ ਕਸੇ ਅਤੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰੇ। ਉਨ੍ਹਾਂ ਕਿਹਾ, ‘ਅਸੀਂ ਕੇਂਦਰ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਉਸ ਰਵੱਈਏ ਦੀ ਨਿਖੇਧੀ ਕਰਦੇ ਹਾਂ, ਜਿਸ ਤਰ੍ਹਾਂ ਉਸ ਨੇ ਮੌਨਸੂਨ ਸੈਸ਼ਨ ਦੌਰਾਨ ਅੜਿੱਕਾ ਪਾਇਆ, ਪੈਗਾਸਸ ਫ਼ੌਜੀ ਸਪਾਈਵੇਅਰ ਦੀ ਗ਼ੈਰ-ਕਾਨੂੰਨੀ ਵਰਤੋਂ ‘ਤੇ ਬਹਿਸ ਕਰਵਾਉਣ ਜਾਂ ਜਵਾਬ ਦੇਣ ਤੋਂ ਇਨਕਾਰ ਕੀਤਾ, ਖੇਤੀ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ, ਕੋਵਿਡ ਮਹਾਮਾਰੀ ਨੂੰ ਲੈ ਕੇ ਮਾੜੇ ਪ੍ਰਬੰਧ, ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਚਰਚਾ ਨਹੀਂ ਕਰਵਾਈ।’