ਕਾਬੁਲ : ਤਾਲਿਬਾਨ ਨੇ 16 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਪੂਰੇ ਦੇਸ਼ ਵਿੱਚ ਭਾਜੜ ਦਾ ਮਾਹੌਲ ਹੈ। ਤਾਲਿਬਾਨ ਦੇ ਡਰੋਂ ਅਫਗਾਨਿਸਤਾਨ ਦੇ ਹਜ਼ਾਰਾਂ ਨਾਗਰਿਕ ਦੇਸ਼ ਛੱਡਣਾ ਚਾਹੁੰਦੇ ਹਨ। ਅਫਗਾਨਿਸਤਾਨ ਦੇ ਰਾਸ਼ਟਰੀ ਫੁੱਟਬਾਲਰ ਜਾਕੀ ਅਨਵਾਰੀ ਦੀ ਸੋਮਵਾਰ ਨੂੰ ਅਮਰੀਕੀ ਜਹਾਜ਼ ਤੋਂ ਕਾਬੁਲ ਏਅਰਪੋਰਟ 'ਤੇ ਡਿੱਗ ਕੇ ਮੌਤ ਹੋ ਗਈ। ਇਹ ਜਾਣਕਾਰੀ ਅਫਗਾਨ ਨਿਊਜ਼ ਏਜੰਸੀ ਅਨਿਆਨਾ ਨੇ ਦਿੱਤੀ। ਸਮਾਚਾਰ ਏਜੰਸੀ ਮੁਤਾਬਕ, ਜਾਕੀ ਦੀ ਅਮਰੀਕੀ ਏਅਰਫੋਰਸ ਦੇ ਜਹਾਜ਼ ਬੋਇੰਗ ਸੀ-17 ਤੋਂ ਡਿੱਗ ਕੇ ਮੌਤ ਹੋਈ।
ਅਫਗਾਨਿਸਤਾਨ ਦੇ ਜਨਰਲ ਡਾਇਰੈਕਟੋਰੇਟ ਫਾਰ ਸਪੋਰਟਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਕਾਬੁਲ ਏਅਰਪੋਰਟ 'ਤੇ ਸੋਮਵਾਰ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਭਾਜੜ ਮਚੀ ਸੀ। ਇੱਥੇ ਦੇਸ਼ ਛੱਡਣ ਲਈ ਕਈ ਲੋਕ ਜਹਾਜ਼ ਦੇ ਪਹੀਏ 'ਤੇ ਵੀ ਬੈਠ ਗਏ ਸਨ। ਕੁੱਝ ਲੋਕਾਂ ਨੂੰ ਜਹਾਜ਼ ਦੇ ਉੱਤੇ ਵੀ ਵੇਖਿਆ ਗਿਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਪਹੀਏ 'ਤੇ ਬੈਠੇ ਤਿੰਨ ਲੋਕਾਂ ਦੀ ਡਿੱਗ ਕੇ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਾਕੀ ਵੀ ਸ਼ਾਮਲ ਸੀ।