ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਅਨੁਸਾਰ ਦੱਖਣੀ ਤੇ ਮੱਧ ਭਾਰਤ ਵਿੱਚ ਮੀਂਹ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਉੜੀਸਾ ਦੇ ਸਮੁੰਦਰੀ ਖੇਤਰ ਤੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਲੱਗਦੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, "ਬਾਰਸ਼ ਦੀ ਗਤੀਵਿਧੀ ਦੁਬਾਰਾ ਸ਼ੁਰੂ ਹੋਵੇਗੀ। ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ ਦੱਖਣੀ ਪ੍ਰਾਇਦੀਪ ਦੇ ਉੱਤਰੀ ਹਿੱਸੇ ਤੇ ਮੱਧ ਭਾਰਤ ਵਿੱਚ ਬਾਰਸ਼ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉੱਤਰੀ ਭਾਰਤ ਤੇ ਗੁਜਰਾਤ ਵਿੱਚ ਹਲਕੀ ਬਾਰਸ਼ ਜਾਰੀ ਰਹਿ ਸਕਦੀ ਹੈ। ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਹੌਲੀ ਹੋ ਗਈਆਂ ਸਨ।" ਆਈਐਮਡੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ 'ਚ ਬੰਗਾਲ, ਉੜੀਸਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਵਿਦਰਭ ਵਿੱਚ ਵਿਆਪਕ ਬਾਰਸ਼ ਹੋ ਸਕਦੀ ਹੈ। ਰਾਜਸਥਾਨ ਮੌਸਮ ਵਿਭਾਗ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਅਨੁਸਾਰ, ਪ੍ਰਤਾਪਗੜ੍ਹ, ਬਾਂਸਵਾੜਾ, ਝਾਲਾਵਾੜ, ਉਦੈਪੁਰ, ਡੂੰਗਰਪੁਰ, ਕੋਟਾ, ਬਾਰਨ, ਰਾਜਸਮੰਦ, ਚਿਤੌੜਗੜ੍ਹ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਸ਼ ਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।