ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸੋਮਵਾਰ ਨੂੰ ਸਬੰਧਤ ਸੇਵਾ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਪੰਜ ਸਰਕਾਰੀ ਵਿਭਾਗਾਂ ਗ੍ਰਹਿ ਮਾਮਲੇ ਅਤੇ ਨਿਆਂ, ਜੇਲਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸਕੂਲ ਸਿੱਖਿਆ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿੱਚ ਭਰਤੀ ਪ੍ਰਕਿਰਿਆ ਤੇਜ਼ ਕੀਤੀ ਜਾ ਸਕੇ।
ਇਸ ਕਦਮ ਨਾਲ ਸੂਬਾ ਸਰਕਾਰ ਦੀ ਰੋਜ਼ਗਾਰ ਯੋਜਨਾ 2020-22, ਜੋ ਕਿ ਇਨਾਂ ਵਿਭਾਗਾਂ ਵਿਚ ਇਕ ਨਿਸ਼ਚਿਤ ਸੀਮਾ ਹੱਦ ਦੇ ਅੰਦਰ ਖ਼ਾਲੀ ਅਸਾਮੀਆਂ ਭਰਨ ਲਈ ਉਲੀਕੀ ਗਈ ਹੈ, ਵਿਚ ਤੇਜ਼ੀ ਲਿਆਉਣ ਚ ਮਦਦ ਮਿਲੇਗੀ ਕਿਉਂ ਜੋ ਇਹ ਯੋਜਨਾ ਮਨੁੱਖੀ ਵਸੀਲਿਆਂ ਦੇ ਸੁਚੱਜੇ ਇਸਤੇਮਾਲ ਰਾਹੀਂ ਕਾਰਜਕੁਸ਼ਲਤਾ ਵਧਾਉਣ ਲਈ ਚੱਲ ਰਹੀ ਪ੍ਰਕਿਰਿਆ ਦਾ ਹਿੱਸਾ ਹੈ।
ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਅਨੁਸਾਰ ਮੰਤਰੀ ਮੰਡਲ ਨੇ ‘ਦ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ, ਗਰੁੱਪ ਏ ਨਿਯਮ, 2021‘ ਅਤੇ ‘ਦ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ, ਗਰੁੱਪ ਬੀ ਨਿਯਮ, 2021‘ ਵਿੱਚ ਸੋਧ ਕੀਤੇ ਜਾਣ ਨੂੰ ਮਨਜੂਰੀ ਦੇ ਦਿੱਤੀ ਹੈ। ਇਨਾਂ ਨਿਯਮਾਂ ਤਹਿਤ ਹੀ ਹੁਣ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ ਦੇ ਅਮਲੇ ਦੀਆਂ ਸੇਵਾ ਸ਼ਰਤਾਂ ਤੈਅ ਕੀਤੀਆਂ ਜਾਣਗੀਆਂ ਅਤੇ ਭਰਤੀ /ਨਿਯੁਕਤੀ ਕੀਤੀ ਜਾਵੇਗੀ।