ਕਾਬੁਲ : ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਸਥਿਤੀ ਤਣਾਅਪੂਰਨ ਹੋ ਚੁੱਕੀ ਹੈ। ਲੋਕ ਤੁਰੰਤ ਦੇਸ਼ ਛੱਡਣਾ ਚਾਹੁੰਦੇ ਹਨ। ਇਸ ਲਈ ਕਾਬੁਲ ਹਵਾਈ ਅੱਡੇ ’ਤੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਹਨ। ਸੋਮਵਾਰ ਸਵੇਰੇ ਕਾਬੁਲ ਹਵਾਈ ਅੱਡੇ ’ਤੇ ਅਮਰੀਕੀ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ ਹਵਾਈ ਅੱਡੇ ’ਤੇ ਹਾਲੇ ਵੀ ਗੋਲੀਬਾਰੀ ਜਾਰੀ ਹੈ। ਹਵਾਈ ਅੱਡੇ ਵਿਚ ਟਰਮੀਨਲ ਬਿਲਡਿੰਗ ਨੇੜੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ। ਇਸ ਤੋਂ ਪਹਿਲਾਂ ਏ.ਐੱਫ.ਪੀ. ਨੇ ਇਕ ਚਸ਼ਮਦੀਦ ਦਾ ਹਵਾਲਾ ਦਿੰਦੇ ਹੋਏ ਦੱਸਿਆ ਸੀ ਕਿ ਅਮਰੀਕੀ ਸੈਨਾ ਨੇ ਭੀੜ ਨੂੰ ਰਨਵੇਅ ਤੋਂ ਪਿੱਛੇ ਕਰਨ ਲਈ ਹਵਾ ਵਿਚ ਗੋਲੀਆਂ ਦਾਗੀਆਂ ਸਨ।ਹਵਾਈ ਅੱਡੇ ’ਤੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਜਹਾਜ਼ਾਂ ਦੇ ਸੰਚਾਲਨ ’ਤੇ ਰੋਕ ਲਗਾ ਦਿੱਤੀ ਗਈ ਸੀ। ਉੱਧਰ ਤਾਲਿਬਾਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨੀ ਲੀਡਰਸ਼ਿਪ ਕਾਬੁਲ ਵਿਚ ਆ ਸਕਦੀ ਹੈ।