ਕਾਬੁਲ : ਤਾਲਿਬਾਨ ਨੇ ਸ਼ਨੀਵਾਰ ਯਾਨੀ ਅੱਜ ਕੰਧਾਰ ਵਿਚ ਇਕ ਰੇਡੀਉ ਸਟੇਸ਼ਨ ਉੱਤੇ ਕਬਜ਼ਾ ਕਰ ਲਿਆ। ਅੱਤਵਾਦੀ ਸਮੂਹ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਉੱਤਰੀ, ਪਛਮੀ ਅਤੇ ਦਖਣੀ ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਪਛਮੀ ਦੇਸ਼ਾਂ ਵਲੋਂ ਸਹਿਯੋਗੀ ਸਰਕਾਰ ਦੇ ਅਧਿਕਾਰ ਵਿਚ ਕਾਬੁਲ ਤੋਂ ਇਲਾਵਾ ਮੱਧ ਅਤੇ ਪੂਰਬ ਦੇ ਕੁੱਝ ਸੂਬੇ ਹੀ ਬਚੇ ਹਨ।
ਤਾਲਿਬਾਨ ਨੇ ਇਕ ਵੀਡੀਉ ਜਾਰੀ ਕੀਤੀ, ਜਿਸ ਵਿਚ ਇਕ ਅਣਪਛਾਤੇ ਅਤਿਵਾਦੀ ਨੇ ਸ਼ਹਿਰ ਦੇ ਮੁੱਖ ਰੇਡੀਉ ਸਟੇਸ਼ਨ ਉੱਤੇ ਕਬਜ਼ਾ ਕਰਨ ਦਾ ਐਲਾਨ ਕੀਤਾ। ਰੇਡੀਉ ਦਾ ਨਾਂ ਬਦਲ ਕੇ ‘ਵੌਇਸ ਆਫ਼ ਸਰੀਆ’ ਕਰ ਦਿਤਾ ਗਿਆ ਹੈ। ਉਸ ਨੇ ਕਿਹਾ ਕਿ ਸਾਰਾ ਸਟਾਫ਼ ਇਥੇ ਮੌਜੂਦ ਹੈ, ਉਹ ਖਬਰਾਂ ਦਾ ਪ੍ਰਸਾਰਣ ਕਰਨਗੇ, ਰਾਜਨੀਤਕ ਵਿਸਲੇਸ਼ਣ ਕਰਨਗੇ ਅਤੇ ਕੁਰਾਨ ਦੀਆਂ ਆਇਤਾਂ ਪੜ੍ਹਨਗੇ। ਅਜਿਹਾ ਲੱਗਦਾ ਹੈ ਕਿ ਸਟੇਸ਼ਨ ਹੁਣ ਸੰਗੀਤ ਨਹੀਂ ਚਲਾਏਗਾ। ਤਾਲਿਬਾਨ ਕਈ ਸਾਲਾਂ ਤੋਂ ਇਕ ਮੋਬਾਈਲ ਰੇਡੀਉ ਸਟੇਸ਼ਨ ਚਲਾ ਰਿਹਾ ਹੈ। ਉਹ ‘ਵੌਇਸ ਆਫ਼ ਸਰੀਆ’ ਨਾਂ ਦਾ ਇਕ ਸਟੇਸ਼ਨ ਚਲਾਉਂਦਾ ਸੀ, ਜਿਸ ਵਿਚ ਸੰਗੀਤ ’ਤੇ ਪਾਬੰਦੀ ਸੀ।