ਨਵੀਂ ਦਿੱਲੀ : ਇਤਿਹਾਸਕ ਲਾਲ ਕਿਲ੍ਹੇ ਦੀ ਸੁਰੱਖਿਆ ਲਈ ਬਹੁਪੱਧਰੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 75ਵੇਂ ਆਜ਼ਾਦੀ ਦਿਹਾੜੇ ’ਤੇ ਰਾਸ਼ਟਰ ਨੂੰ ਸੰਬੋਧਤ ਕਰਨਗੇ। ਇਸ ਸੁਰੱਖਿਆ ਘੇਰੇ ਲਈ ਐਨ. ਐਸ. ਜੀ. ਸਨਾਈਪਰਸ, ਸਵਾਤ ਕਮਾਂਡੋ, ਪਤੰਗ ਫੜਨ ਵਾਲੇ ਕਾਮੇ, ਸਵਾਨ ਦਸਤੇ ਅਤੇ ਉੱਚੀਆਂ ਇਮਾਰਤਾਂ ’ਤੇ ਨਾ ਖੁੰਝਣ ਵਾਲਾ ਨਿਸ਼ਾਨਾ ਲਾਉਣ ਵਾਲਿਆਂ ਦੀ ਤਾਇਨਾਤੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਲਾਲ ਕਿਲ੍ਹੇ ਦੇ ਚਾਰੋਂ ਪਾਸੇ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਰਗੇ ਮਾਪਦੰਡਾਂ ਦਾ ਪਾਲਣ ਜ਼ਰੂਰੀ ਹੋਵੇਗਾ। ਜਿਵੇਂ ਪਿਛਲੇ ਸਾਲ ਕੋਵਿਡ ਮਹਾਂਮਾਰੀ ਨੂੰ ਵੇਖਦੇ ਹੋਏ ਕੀਤਾ ਗਿਆ ਸੀ। ਭਾਰਤ ਦਾ ਉਲੰਪਿਕ ਦਲ 15 ਅਗੱਸਤ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ’ਚ ਲਾਲ ਕਿਲ੍ਹੇ ’ਚ ਮੌਜੂਦ ਰਹੇਗਾ।
350 ਤੋਂ ਵੱਧ ਕੈਮਰੇ, 5, 000 ਸੁਰੱਖਿਆ ਦਸਤੇ ਹੋਣਗੇ ਤਾਇਨਾਤ
ਪੁਲਿਸ ਮੁਤਾਬਕ 350 ਤੋਂ ਵਧ ਕੈਮਰੇ ਲਾਏ ਗਏ ਹਨ ਅਤੇ ਲਾਲ ਕਿਲ੍ਹਾ ਖੇਤਰ ਅਤੇ ਉਸ ਦੇ ਆਲੇ-ਦੁਆਲੇ ਸਥਿਤ ਦੋ ਪੁਲਸ ਕੰਟਰੋਲ ਰੂਮਾਂ ਦੇ ਜ਼ਰੀਏ 24 ਘੰਟੇ ਉਨ੍ਹਾਂ ਦੀ ਫੁਟੇਜ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਕਰੀਬ 5, 000 ਸੁਰੱਖਿਆ ਦਸਤੇ ਤਾਇਨਾਤ ਹੋਣਗੇ ਅਤੇ ਉਹ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਗੇ।
ਪਹਿਲੀ ਵਾਰ ਬਣਾਈ ਗਈ ਕੰਟੇਨਰਾਂ ਦੀ ਕੰਧ
ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਤੋਂ ਲਾਲ ਕਿਲ੍ਹੇ ਦੇ ਮੁੱਖ ਦੁਆਰ ’ਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪਹਿਲੀ ਵਾਰ ਸ਼ਿਪਿੰਗ ਕੰਟੇਨਰਾਂ ਦੀ ਇਕ ਵੱਡੀ ਕੰਧ ਖੜੀ ਕੀਤੀ ਸੀ। ਕੰਟੇਨਰਾਂ ਨੂੰ ਇਸ ਤਰ੍ਹਾਂ ਨਾਲ ਰਖਿਆ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਤ ਕਰਨਗੇ ਤਾਂ ਕੋਈ ਵੀ ਕਿਲ੍ਹੇ ਦੇ ਕੰਪਲੈਕਸ ਅੰਦਰ ਨਹੀਂ ਵੇਖ ਸਕੇਗਾ। ਪੁਲਿਸ ਨੇ ਕਿਹਾ ਕਿ ਚਾਂਦਨੀ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕੋਈ ਵੀ ਕਿਲ੍ਹੇ ਦੇ ਅੰਦਰ ਨਹੀਂ ਵੇਖ ਸਕੇਗਾ। ਇਹ ਕਦਮ ਬੀਤੀ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹੇ ’ਤੇ ਪਹੁੰਚਣ ਅਤੇ ਸਮਾਰਕ ’ਚ ਐਂਟਰੀ ਕਰ ਕੇ ਇਕ ਕੇਸਰੀ ਝੰਡਾ ਲਹਿਰਾਉਣ ਮਗਰੋਂ ਚੁੱਕਿਆ ਗਿਆ ਹੈ।
ਦਿੱਲੀ ਦੀਆਂ ਸਰਹੱਦਾਂ ’ਤੇ ਵੀ ਸੁਰੱਖਿਆ
ਦਿੱਲੀ ਦੀਆਂ ਸਰਹੱਦਾਂ ’ਤੇ ਵੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿਤੀ ਗਈ ਹੈ, ਜਿਥੇ ਹਜ਼ਾਰਾਂ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 8 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਉਧਰ ਦਿੱਲੀ ਟਰੈਫ਼ਿਕ ਪੁਲਿਸ ਨੇ ਵੀ ਲਾਲ ਕਿਲ੍ਹੇ ’ਚ ਆਜ਼ਾਦੀ ਦਿਵਸ ਸਮਾਰੋਹ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਕਿ ਸ਼ਹਿਰ ਭਰ ਵਿਚ ਵਾਹਨਾਂ ਦੀ ਸੁਰੱਖਿਆ ਅਤੇ ਸੁਚਾਰੂ ਸੰਚਾਲਨ ਯਕੀਨੀ ਕੀਤਾ ਜਾ ਸਕੇ।