ਫਿਰੋਜ਼ਪੁਰ :ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਥਾਨਕ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਨੇੜੇ, ਕੰਮ ਤੋਂ ਘਰ ਜਾ ਰਹੇ ਪਰਦੀਪ ਧਵਨ ਨਾਮਕ ਵਿਅਕਤੀ 'ਤੇ ਕੁੱਝ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਜ਼ਖਮੀ ਨੂੰ ਤੁਰੰਤ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਰਦੀਪ ਧਵਨ ਕੰਮ ਤੋਂ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂl
ਹਾਦਸਾਗ੍ਰਸਤ ਹੋਇਆ ਪਰਦੀਪ ਧਵਨ ਦਾ ਮੋਟਰਸਾਈਕਲ।
ਜਿਸ ਦੌਰਾਨ ਇੱਕ ਗੋਲੀ ਉਸ ਦੇ ਪੇਟ ਵਿੱਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ 'ਤੇ ਪਰਦੀਪ ਧਵਨ ਤੇ ਗੋਲੀਆਂ ਚਲਾਈਆਂ ਗਈਆਂ ਹਨ ਉਥੇ ਇੱਕ ਪਾਸੇ ਮੇਨ ਚੌਕ ਹੈ ਅਤੇ ਦੂਜੇ ਪਾਸੇ SSP ਦਫਤਰ ਹੈ। ਦੱਸਣਯੋਗ ਹੈ ਕਿ 5 ਅਗਸਤ ਦੇ ਮੱਦੇਨਜ਼ਰ ਪੁਲਿਸ ਵੱਲੋਂ ਹਰ ਚੌਕ ਵਿੱਚ ਨਾਕੇ ਲਗਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸ ਤਰ੍ਹਾਂ ਸ਼ਰ੍ਹੇਆਮ ਇੱਕ ਵਿਅਕਤੀ 'ਤੇ ਗੋਲੀਆਂ ਚੱਲਣ ਦੀ ਘਟਨਾ ਨੇ ਇੱਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬੰਦੇ ਟਰੇਸ ਕਰ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਜਖ਼ਮੀਂ ਪਰਦੀਪ ਧਵਨ ਰੇਲਵੇ ਸਟੇਸ਼ਨ ਡਾਕਘਰ ਵਿਚ ਸਬ ਪੋਸਟ ਮਾਸਟਰ ਵਜੋਂ ਨੌਕਰੀ ਕਰ ਰਿਹਾ ਹੈ, ਉਥੇ ਉਹ ਟੇਬਲ ਟੈਨਿਸ ਦੇ ਕੌਮਾਂਤਰੀ ਪੱਧਰ ਦੇ ਅੰਪਾਇਰ ਵੀ ਹਨ ਅਤੇ ਕਈ ਮੁਲਕਾਂ ਵਿਚ ਅੰਪਾਇਰਿੰਗ ਕਰਕੇ ਆਏ ਦੱਸੇ ਜਾ ਰਹੇ ਹਨ।