ਕਿੰਸ਼ਾਸਾ : ਅਫ਼ਰੀਕੀ ਦੇਸ਼ ਕਾਂਗੋ ਵਿਚ ਸਥਾਨਕ ਲੋਕਾਂ ਦੇ ਸਮੂਹ ਦੁਆਰਾ ਭਾਰਤੀਆਂ ਦੇ ਟਿਕਾਣਿਆਂ ਅਤੇ ਗੱਡੀਆਂ ’ਤੇ ਹਮਲੇ ਦੀ ਖ਼ਬਰ ਹੈ। ਇਨ੍ਹਾਂ ਹਮਲਿਆਂ ਵਿਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਇਹ ਹਮਲੇ ਭਾਰਤ ਵਿਚ ਕਾਂਗੋ ਦੇ ਇੱਕ ਵਿਦਿਆਰਥੀ ਦੀ ਪੁਲਿਸ ਹਿਰਾਸਤ ਵਿਚ ਮੌਤ ਕਾਰਨ ਹੋਏ ਹਨ। ਜੋਆ ਮਾਲੂ ਨਾਂ ਦੇ ਇਸ ਵਿਦਿਆਰਥੀ ਦੀ ਬੰਗਲੌਰ ਵਿਚ ਮੌਤ ਹੋਈ ਸੀ। ਉਸ ਦੀ ਮੌਤ ਦੀ ਸੂਚਨਾ ਕਾਂਗੋ ਪੁੱਜਦੇ ਹੀ ਉਥੇ ਦੇ ਲੋਕਾਂ ਨੇ ਪਿਛਲੇ ਹਫਤੇ ਵੀ ਭਾਰਤੀਆਂ ਅਦਾਰਿਆਂ ਅਤੇ ਵਪਾਰਕ ਟਿਕਾਣਿਆਂ ’ਤੇ ਲੁੱਟਖੋਹ ਕੀਤੀ ਸੀ। ਹੁਣ ਇਸ ਲੁੱਟਖੋਹ ਅਤੇ ਹਮਲਿਆਂ ਦਾ ਦਾਇਰ ਵਧ ਗਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਭਾਰਤੀਆਂ ਦੇ ਟਿਕਾਣਿਆਂ ’ਤੇ ਹਮਲੇ ਹੋਏ ਸੀ।
ਕਾਂਗੋ ਦੀ ਪੁਲਿਸ ਨੇ ਦੱਸਿਆ ਕਿ ਤਾਜ਼ਾ ਹਮਲਿਆਂ ਵਿਚ ਕਈ ਭਾਰਤੀਆਂ ਦੀ ਦੁਕਾਨਾਂ ਅਤੇ ਗੁਦਾਮ ਲੁੱਟੇ ਗਏ ਹਨ। ਇੱਕ ਕਾਰ ਵਿਚ ਅੱਗ ਲਗਾ ਦਿੱਤੀ ਗਈ ਅਤੇ ਤਿੰਨ ਹੋਰ ਗੱਡੀਆਂ ’ਤੇ ਪੱਥਰਬਾਜ਼ੀ ਹੋਈ। ਇਹ ਸਭ ਭਾਰਤ ਵਿਚ ਦੂਜੇ ਕਾਂਗੋ ਨਾਗਰਿਕ ਦੀ ਮੌਤ ਹੋਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਹੋਇਆ। ਕਿੰਸ਼ਾਸਾ ਦੇ ਪੁਲਿਸ ਕਮਿਸ਼ਨਰ ਸਿਲਵਾਨੋ ਕਾਸੋਂਗੋ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿਚ ਜ਼ਿਆਦਾਤਰ ਅਨਪੜ੍ਹ ਨੌਜਵਾਨ ਸ਼ਾਮਲ ਹਨ। ਪੁਲਿਸ ਨੇ ਮਾਮਲੇ ਵਿਚ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਅਤੇ ਲੁੱਟਿਆ ਹੋਇਆ ਕੁਝ ਸਮਾਨ ਬਰਾਮਦ ਕਰ ਲਿਆ ਹੈ।