ਪੰਚਕੂਲਾ : ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਜਲਦ ਹੀ ਪੰਚਕੂਲਾ ਸੀਬੀਆਈ ਕੋਰਟ ਵਿੱਚ ਕੋਈ ਵੱਡਾ ਫ਼ੈਸਲਾ ਆ ਸਕਦਾ ਹੈ। ਪੰਚਕੂਲਾ ਸੀਬੀਆਈ ਕੋਰਟ ਵਿੱਚ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਬਚਾਅ ਪੱਖ ਵੱਲੋਂ ਫਾਈਨਲ ਬਹਿਸ ਅੱਜ ਪੂਰੀ ਹੋ ਗਈ ਹੈ। ਇਸ ਲਈ ਬਲਾਤਕਾਰੀ ਸਾਧ ਵਿਰੁੱਧ ਰਣਜੀਤ ਸਿੰਘ ਕਤਲ ਕੇਸ ਵਿੱਚ ਹੁਣ ਜਲਦ ਫ਼ੈਸਲਾ ਆਉਣ ਦੀ ਉਮੀਦ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ’ਤੇ ਅੱਜ ਰਣਜੀਤ ਸਿੰਘ ਕਤਲ ਕੇਸ ਵਿੱਚ ਸੁਣਵਾਈ ਹੋਈ। ਸੀਬੀਆਈ ਕੋਰਟ ਵਿੱਚ ਬੀਤੇ ਦਿਨ ਲਗਭਗ ਢਾਈ ਘੱਟੇ ਬਹਿਸ ਚੱਲੀ। ਮਾਮਲੇ ਵਿੱਚ ਡੇਰਾ ਮੁਖੀ ਦੇ ਵਕੀਲ ਅਮਿਤ ਤਿਵਾੜੀ ਵੱਲੋਂ ਫਾਈਨਲ ਬਹਿਸ ਪੂਰੀ ਕੀਤੀ ਗਈ। ਸੁਣਵਾਈ ਦੌਰਾਨ ਮਾਮਲੇ ਵਿੱਚ ਮੁੱਖ ਮੁਲਜ਼ਮ ਡੇਰਾ ਮੁਖੀ ਅਤੇ ਕ੍ਰਿਸ਼ਨ ਲਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਨ੍ਹਾਂ ਤੋਂ ਇਲਾਵਾ ਹੋਰ ਮੁਲਜ਼ਮ ਅਤਵਾਰ, ਜਸਵੀਰ ਅਤੇ ਸਬਦਿਲ ਨੇ ਪ੍ਰਤੱਖ ਤੌਰ ’ਤੇ ਸੀਬੀਆਈ ਕੋਰਟ ਵਿੱਚ ਪੇਸ਼ੀ ਭੁਗਤੀ। ਇਸ ਕੇਸ ਦੀ ਅਗਲੀ ਸੁਣਵਾਈ ਹੁਣ 18 ਅਗਸਤ ਨੂੰ ਹੋਵੇਗੀ। 18 ਅਗਸਤ ਨੂੰ ਬਚਾਅ ਪੱਖ ਫਾਈਨਲ ਬਹਿਸ ਦੇ ਦਸਤਾਵੇਜ਼ ਕੋਰਟ ਵਿੱਚ ਜਮ੍ਹਾ ਕਰਾਏਗਾ। ਉੱਥੇ ਸੀਬੀਆਈ ਕੋਰਟ ਵੱਲੋਂ ਸੀਬਆਈ ਤੋਂ ਪੁੱਛਿਆ ਜਾਵੇਗਾ ਕਿ ਕੀ ਉਹ ਇਸ ਮਾਮਲੇ ਵਿੱਚ ਕੋਈ ਹੋਰ ਬਹਿਸ ਕਰਨਾ ਚਾਹੁੰਦੀ ਹੈ। ਜੇਕਰ ਸੀਬੀਆਈ ਇਸ ਮਾਮਲੇ ਵਿੱਚ ਹਰ ਕਮੈਂਟ ਨਹੀਂ ਕਰਨ ਦੀ ਗੱਲ ਕਹੇਗੀ ਤਾਂ ਸੀਬੀਆਈ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 2 ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 20 ਸਾਲ ਕੈਦ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ਵਿੱਚ ਉਮਰਕੈਦ ਦੀ ਸਜ਼ਾ ਭੁਗਤ ਰਿਹਾ ਹੈ। ਰਣਜੀਤ ਸਿੰਘ ਕਤਲ ਮਾਮਲੇ ਵਿੱਚ ਖੱਟਾ ਸਿੰਘ ਨੇ ਰਾਮ ਰਹੀਮ ਨੂੰ ਹੀ ਕਤਲ ਦਾ ਦੋਸ਼ੀ ਦੱਸਿਆ ਸੀ। ਖੱਟਾ ਸਿੰਘ (ਗੁਰਮੀਤ ਰਾਮ ਰਹੀਮ ਦਾ ਸਾਬਕਾ ਡਰਾਈਵਰ) ਨੇ ਕੋਰਟ ਵਿੱਚ ਬਿਆਨ ਦਿੱਤਾ ਸੀ ਕਿ ਡੇਰਾ ਮੁਖੀ ਨੂੰ ਲਗਦਾ ਸੀ ਸਾਧਵੀਆਂ ਨਾਲ ਬਲਾਤਕਾਰ ਦੇ ਪੱਤਰ ਥਾਂ-ਥਾਂ ਭੇਜਣ ਪਿੱਛੇ ਡੇਰਾ ਮੈਨੇਜਰ ਰਣਜੀਤ ਸਿੰਘ ਦਾ ਹੀ ਹੱਥ ਸੀ। ਖੱਟਾ ਸਿੰਘ ਨੇ ਕਿਹਾ ਸੀ ਕਿ ਰਣਜੀਤ ਸਿੰਘ ਨੇ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਇਸ ਲਈ ਗੁਰਮੀਤ ਰਾਮ ਰਹੀਮ ਨੇ ਉਸ ਦੇ ਸਾਹਮਣੇ 16 ਜੂਨ 2002 ਨੂੰ ਸਿਰਸਾ ਡੇਰੇ ਵਿੱਚ ਉਸ ਨੂੰ ਮਾਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ 10 ਜੁਲਾਈ 2003 ਨੂੰ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।