ਵਾਸ਼ਿੰਗਟਨ : ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਨੇੜੇ ਮੈਟਰੋ ਸਟੇਸ਼ਨ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਇਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ ਹੈੱਡਕੁਆਰਟਰ ਬੰਦ ਕਰ ਦਿੱਤਾ ਗਿਆ। ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ, ਮੈਟਰੋ ਬੱਸ ਪਲੇਟਫਾਰਮ ਦੇ ਕੋਲ ਗੋਲੀਬਾਰੀ ਦੀ ਘਟਨਾ ਦੇ ਬਾਅਦ ਖੇਤਰ ਵਿੱਚ ਤਾਲਾਬੰਦੀ ਲਗਾਈ ਗਈ । ਹਲਾਂਕਿ ਕਰੀਬ ਅੱਧੇ ਘੰਟੇ ਬਾਅਦ ਤਾਲਾਬੰਦੀ ਦਾ ਹੁਕਮ ਵਾਪਿਸ ਲੈ ਲਿਆ ਗਿਆ । ਪੈਂਟਾਗਨ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਪੁਲਿਸ ਕਾਰਵਾਈ ਦੇ ਕਾਰਨ ਪੈਂਟਾਗਨ ਖੇਤਰ ਵਿੱਚ ਤਾਲਾਬੰਦੀ ਲਗਾਈ ਗਈ ਹੈ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇੱਥੇ ਆਉਣ ਤੋਂ ਪਰਹੇਜ਼ ਕਰੋ । ਰੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਹ ਫੈਸਲਾ ਮੈਟਰੋ ਬੱਸ ਪਲੇਟਫਾਰਮ ਨੇੜੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਆ ਗਿਆ। ਘਟਨਾ ਦੇ ਤੁਰੰਤ ਬਾਅਦ ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ (ਪੀਐਫਪੀਏ) ਨੂੰ ਅਲਰਟ ਭੇਜਿਆ ਗਿਆ ਸੀ। ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅੰਦਰ ਰਹਿਣ ਲਈ ਕਿਹਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੰਦੂਕਧਾਰੀ ਦੀ ਗ੍ਰਿਫਤਾਰੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਐਸੋਸੀਏਟਡ ਪ੍ਰੈਸ (ਏਪੀ) ਦੇ ਪੱਤਰਕਾਰ ਨੇ ਕਈ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।