ਕਾਬੁਲ: ਤਾਲਿਬਾਨ ਨਾਲ ਪ੍ਰਭਾਵਿਤ ਅਫ਼ਗ਼ਾਨਿਸਤਾਨ ‘ਤੇ ਲਗਾਤਾਰ ਹਮਲੇ ਵਧਦੇ ਜਾ ਰਹੇ ਹਨ। ਅਫ਼ਗ਼ਾਨਿਸਤਾਨ ਦੀ ਨਿਊਜ਼ ਏਜੰਸੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਅਨੁਸਾਰ ਦੇਸ਼ ਦੇ ਕੰਧਾਰ ਹਵਾਈ ਅੱਡੇ ‘ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ । ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਕੰਧਾਰ ਹਵਾਈ ਅੱਡੇ ‘ਤੇ ਸ਼ਨੀਵਾਰ ਦੀ ਰਾਤ ਨੂੰ ਹੋਏ ਰਾਕੇਟ ਹਮਲਿਆਂ ਤੋਂ ਬਾਅਦ ਐਤਵਾਰ ਨੂੰ ਸਾਰੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਸ਼ਿਨਹੂਆ ਖ਼ਬਰ ਏਜੰਸੀ ਨੂੰ ਦਸਿਆ ਕਿ , ‘‘ਸ਼ੁਰੂਆਤੀ ਸੂਚਨਾ ਤੋਂ ਪਤਾ ਚੱਲਿਆ ਹੈ ਕਿ ਤਾਲਿਬਾਨੀ ਅਤਿਵਾਦੀਆਂ ਨੇ ਕੰਧਾਰ ਕੌਮਾਂਤਰੀ ਹਵਾਈ ਅੱਡੇ ’ਤੇ ਤਿੰਨ ਰਾਕੇਟ ਦਾਗ਼ੇ ਗਏ ਹਨ, ਜਿਨ੍ਹਾਂ ਵਿੱਚੋਂ ਦੋ ਨਾਲ ਸ਼ਨਿੱਚਰਵਾਰ ਦੇਰ ਰਾਤ ਨੂੰ ਹਵਾਈ ਅੱਡੇ ਦੀ ਪੱਟੜੀ ਨੁਕਸਾਨੀ ਗਈ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਡਾਣਾਂ ਜਲਦ ਤੋਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਸ਼ਹਿਰ ਦੇ ਮੁੱਖ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਦਾਊਦ ਫਰਹਾਦ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਕੰਧਾਰ ਸ਼ਹਿਰ ‘ਚ ਭਾਰੀ ਲੜਾਈ ਦੌਰਾਨ 3 ਨਾਗਰਿਕ ਮਾਰੇ ਗਏ ਅਤੇ 2 ਔਰਤਾਂ ਤੇ 2 ਬੱਚਿਆਂ ਸਮੇਤ 10 ਨਾਗਰਿਕ ਜ਼ਖਮੀ ਹੋ ਗਏ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨ ਦੇ ਲੜਾਕਿਆਂ ਨੇ ਹੇਰਾਤ, ਲਸ਼ਕਰ ਗਾਹ ਅਤੇ ਕੰਧਾਰ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਹੈ। ਸਤੰਬਰ ਤੱਕ ਵਿਦੇਸ਼ੀ ਫ਼ੌਜਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਜ਼ਬਰਦਸਤ ਬੜ੍ਹਤ ਹਾਸਿਲ ਕੀਤੀ ਹੈ।