ਦੁਬਈ : ਸੰਯੁਕਤ ਅਰਬ ਅਮੀਰਾਤ (UAE) ਵਿਚ ਪਾਰਾ 50 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਚੁੱਕਾ ਹੈ। ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਹੁਣ ਇਕ ਖਾਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਨਾਲ ਮਿਲ ਕੇ ਡਰੋਨ ਤਕਨਾਲੋਜੀ ਦੀ ਮਦਦ ਨਾਲ ਇੱਥੇ ਨਕਲੀ ਮੀਂਹ ਲਿਆਂਦਾ ਜਾ ਰਿਹਾ ਹੈ। ਦੇਸ਼ ਦੇ ਰਾਸ਼ਟਰੀ ਮੌਸਮ ਕੇਂਦਰ ਨੇ ਇਸ ਕੰਮ ਵਿਚ ਮਿਲੀ ਸਫਲਤਾ ਦਾ ਫੁਟੇਜ ਵੀ ਸ਼ੇਅਰ ਕੀਤਾ ਹੈ।
ਇਸ ਤਕਨੀਕ ਜ਼ਰੀਏ ਬੱਦਲਾਂ ਨੂੰ ਇਲੈਕਟ੍ਰਿਕ ਸ਼ਾਕ ਮਤਲਬ ਬਿਜਲੀ ਦਾ ਝਟਕਾ ਦਿਤਾ ਜਾਂਦਾ ਹੈ ਜਿਸ ਨਾਲ ਮੀਂਹ ਪੈਂਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਤਕਨੀਕ ਦੀ ਟ੍ਰਿਗਰ ਦੀ ਤਰ੍ਹਾਂ ਵਰਤੋਂ ਕਰ ਕੇ ਮੀਂਹ ਦੀ ਮਾਤਰਾ ਵਧਾਈ ਜਾ ਸਕੇਗੀ। ਡਰੋਨ ਤਕਨਾਲੋਜੀ ਦੀ ਮਦਦ ਨਾਲ ਬੱਦਲਾਂ ਨੂੰ ਜਦੋਂ ਇਲੈਕਟ੍ਰਿਕ ਸ਼ਾਕ ਦਿਤਾ ਜਾਂਦਾ ਹੈ ਤਾਂ ਉਹ ਆਪਸ ਵਿਚ ਜਮਾਂ ਹੋਣ ਲੱਗਦੇ ਹਨ ਜਿਸ ਨਾਲ ਮੀਂਹ ਪੈਂਦਾ ਹੈ। ਮੌਸਮ ਕੇਂਦਰ ਦਾ ਕਹਿਣਾ ਹੈ ਕਿ ਤਕਨੀਕ ਜ਼ਰੀਏ ਮੀਂਹ ਦੀ ਮਾਤਰਾ ਵਧਾਈ ਜਾ ਸਕਦੀ ਹੈ। ਮੀਂਹ ਵਧਾਉਣ ਲਈ 1.5 ਕਰੋੜ ਡਾਲਰ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਮਾਰਟਿਨ ਏਮਬਾਮ ਨੇ ਬੀ.ਬੀ.ਸੀ. ਨੂੰ ਦੱਸਿਆ ਸੀ ਕਿ ਯੂ.ਏ.ਈ. ਵਿਚ ਮੀਂਹ ਲਈ ਬੱਦਲਾਂ ਦੀ ਮਾਤਰਾ ਲੋੜੀਂਦੀ ਹੈ। ਡਰੋਨ ਚਾਰਜ ਰਿਲੀਜ ਕਰ ਕੇ ਪਾਣੀ ਦੀਆਂ ਬੂੰਦਾਂ ਨੂੰ ਇਕੱਠੇ ਚਿਪਕਣ ਵਿਚ ਮਦਦ ਕਰਦਾ ਹੈ। ਜਦੋਂ ਇਹ ਬੂੰਦਾਂ ਵੱਡੀਆਂ ਅਤ ਭਾਰੀ ਹੋ ਜਾਂਦੀਆਂ ਹਨ ਤਾਂ ਮੀਂਹ ਪੈਂਦਾ ਹੈ।
ਇਸ ਪ੍ਰੋਗਰਾਮ ਦੀ ਡਾਇਰੈਕਟਰ ਆਲਯਾ ਅਲ ਮਜਰੋਈ ਨੇ ਅਰਬ ਨਿਊਜ਼ ਨੂੰ ਦੱਸਿਆ ਸੀ ਕਿ ਇਲੈਕਟ੍ਰਿਕ ਚਾਰਜ ਰਿਲੀਜ ਕਰਨ ਵਾਲੇ ਉਪਕਰਨ ਡਰੋਨ ਹਵਾ ਵਿਚ ਲਿਜਾਂਦੇ ਹਨ ਅਤੇ ਉੱਥੇ ਬੱਦਲਾਂ ਵਿਚ ਹਲਚਲ ਪੈਦਾ ਕਰਦੇ ਹਨ ਜਿਸ ਨਾਲ ਮੀਂਹ ਪੈਂਦਾ ਹੈ।ਇਸ ਲਈ ਪਹਿਲਾਂ ਤੋਂ ਬੱਦਲਾਂ ਦੀ ਸਥਿਤੀ ਦੇਖੀ ਜਾਂਦੀ ਹੈ। ਜਿਵੇਂ ਹੀ ਬੱਦਲ ਬਣਦੇ ਦੇਖੇ ਜਾਂਦੇ ਹਨ ਡਰੋਨ ਲਾਂਚ ਕਰ ਦਿੱਤੇ ਜਾਂਦੇ ਹਨ । ਅਜਿਹਾ ਵੀ ਨਹੀਂ ਹੈ ਕਿ ਹਰੇਕ ਵਾਰ ਚਾਰਜ ਦੇਣ ’ਤੇ ਮੀਂਹ ਪੈਂਦਾ ਹੈ।