ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਬੁੱਧਵਾਰ ਨੂੰ ਵੀ ਭੂਚਾਲ ਆਇਆ ਸੀ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬੀ ਤਾਂ ਲੋਕ ਸਹਿਮ ਗਏ। ਉਂਝ ਝਟਕਿਆਂ ਨਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਭੂ-ਵਿਗਿਆਨੀਆਂ ਮੁਤਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਸਵੇਰੇ 7.42 ਵਜੇ ਆਇਆ। ਇਸ ਦਾ ਕੇਂਦਰ 15 ਕਿਲੋਮੀਟਰ ਦੀ ਡੂੰਘਾਈ 'ਤੇ ਬੀਕਾਨੇਰ ਦੇ ਉੱਤਰ-ਪੱਛਮ ਵਿੱਚ 413 ਕਿਲੋਮੀਟਰ ਸੀ।
ਭੂਚਾਲ ਤੋਂ ਅਜੇ ਤੱਕ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਬੀਕਾਨੇਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਨਾਪੀ ਗਈ। ਭੂ-ਵਿਗਿਆਨੀਆਂ ਦੇ ਅਨੁਸਾਰ ਭੁਚਾਲ ਦਾ ਅਸਲ ਕਾਰਨ ਟੈਕਟੋਨੀਕਲ ਪਲੇਟਾਂ ਵਿੱਚ ਤੇਜ਼ ਹਲਚਲ ਹੈ। ਇਸ ਤੋਂ ਇਲਾਵਾ ਭੂਚਾਲ ਮੌਸਮੀ ਪ੍ਰਭਾਵਾਂ ਤੇ ਜਵਾਲਾਮੁਖੀ ਫਟਣ, ਖਾਣਾਂ ਦੀ ਜਾਂਚ ਤੇ ਪਰਮਾਣੂ ਪਰੀਖਣ ਕਾਰਨ ਵੀ ਹੁੰਦੇ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਨਾਪੀ ਜਾਂਦੀ ਹੈ। ਇਸ ਪੈਮਾਨੇ 'ਤੇ 2.0 ਜਾਂ 3.0 ਮਾਪ ਦਾ ਭੂਚਾਲ ਹਲਕਾ ਮੰਨਿਆ ਜਾਂਦਾ ਹੈ, ਜਦੋਂਕਿ 6 ਦੀ ਤੀਬਰਤਾ ਦਾ ਮਤਲਬ ਇੱਕ ਜ਼ੋਰਦਾਰ ਭੁਚਾਲ ਹੁੰਦਾ ਹੈ।