ਹਿਮਾਚਲ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਨਵਾਂ ਮੋਟਰ ਵਾਹਨ ਐਕਟ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਅਨੁਸਾਰ ਜੁਰਮਾਨਾ ਵੀ ਵੱਖ ਵੱਖ ਹੋਵੇਗਾ। ਲਾਗੂ ਕੀਤੇ ਗਏ ਇਸ ਐਕਟ ਦੇ ਤਹਿਤ ਜਿਥੇ ਦੁਰਘਟਨਾਵਾਂ ਵਿੱਚ ਕਮੀ ਆਵੇਗੀ ਉੱਥੇ ਹੀ ਜੁਰਮਾਨੇ ਤੋਂ ਸੂਬੇ ਨੂੰ ਇਨਕਮ ਵੀ ਹੋ ਜਾਵੇਗੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਇਸ ਐਕਟ ਸਬੰਧੀ ਮੋਟਰ ਵਾਹਨ ਐਕਟ ਦੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਅਗਰ ਕੋਈ ਵੀ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਜਿਸ ਦਾ ਵੇਰਵਾ ਇਸ ਤਰਾਂ ਹੈ। ਅਗਰ ਕੋਈ ਜਨਤਕ ਥਾਵਾਂ ਤੇ ਹਾਰਨ ਵਜਾਉਂਦਾ ਹੈ ਤਾਂ ਉਸ ਨੂੰ 1500 ਸੌ ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਜੁਰਮਾਨਾ ਕੀਤਾ ਜਾਵੇਗਾ। ਅਗਰ ਕੋਈ ਵੀ ਮਾਲ ਵਾਹਨ ਚੈੱਕ ਕਰਨ ਅਤੇ ਵਜ਼ਨ ਕਰਨ ਲਈ ਨਹੀਂ ਰੁਕਦਾ ਤਾਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਐਮਰਜੈਂਸੀ ਵਾਹਨਾ ਜਿਵੇਂ ਕਿ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਸਤਾ ਨਾ ਦੇਣ ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ। ਤੇਜ਼ ਰਫਤਾਰ ਵਾਹਨ ਚਲਾਉਣ ਤੇ 3 ਤੋਂ 6 ਹਜ਼ਾਰ ਰੁਪਏ, ਜਨਤਕ ਜਗ੍ਹਾ ਤੇ ਰੇਸ ਜਾਂ ਰਫ਼ਤਾਰ ਵਧੇਰੇ ਕਰਨ ਤੇ 5 ਤੋਂ 15 ਹਜ਼ਾਰ ਰੁਪਏ, ਬਿਨਾ ਰਜਿਸਟ੍ਰੇਸ਼ਨ ਵਾਹਨ ਦੀ ਵਰਤੋਂ 3 ਤੋਂ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਬੀਮਾ ਰਹਿਤ ਵਾਹਨ ਚਲਾਉਣ ਤੇ 2 ਤੋਂ 6 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕੀਤੇ ਜਾਣ ਤੇ 2500 ਰੁਪਏ ਜ਼ੁਰਮਾਨਾ ਅਤੇ 3 ਸਾਲਾਂ ਦੀ ਮਿਆਦ ਦੇ ਅੰਦਰ ਦੁਬਾਰਾ ਫੋਨ ਦੀ ਵਰਤੋਂ ਕਰਨ ਤੇ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਬਿਨਾਂ ਲਾਇਸੰਸ ਦੇ ਵਾਹਨ ਚਲਾਉਣ ਤੇ 5 ਤੋਂ 7 ਹਜ਼ਾਰ ਰੁਪਏ ਜੁਰਮਾਨਾ, ਬਿਨਾਂ ਸਹੀ ਜਾਣਕਾਰੀ ਦਿੱਤੇ ਲਾਇਸੰਸ ਲੈਣ ਲਈ 10 ਤੋਂ 15 ਹਜ਼ਾਰ ਰੁਪਏ ਜੁਰਮਾਨਾ ਲਾਗੂ ਕੀਤਾ ਗਿਆ ਹੈ।