ਸਿਡਨੀ : ਆਸਟ੍ਰੇਲੀਆ ਵਿਚ ਰਹਿੰਦੇ ਇਕ ਜੋੜੇ ਲਈ ਕੁੱਤਾ ਪਾਲਣਾ ਘਾਤਕ ਸਾਬਤ ਹੋਇਆ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਅਮੇਰਿਕਨ ਸਟੇਫੋਰਡਸ਼ਾਇਰ ਟੇਰੀਅਰ ਬ੍ਰੀਡ ਦੇ ਕੁੱਤੇ ਨੇ ਆਪਣੇ ਮਾਲਕ ਦੇ ਪੰਜ ਹਫ਼ਤੇ ਦੇ ਬੱਚੇ ਨੂੰ ਚਬਾ ਕੇ ਖਾ ਲਿਆ। ਕੁੱਤੇ ਨੇ ਸਵੇਰੇ ਬੱਚੇ ਨੂੰ ਉਦੋਂ ਸ਼ਿਕਾਰ ਬਣਾਇਆ ਜਦੋਂ ਉਸ ਦੇ ਮਾਤਾ-ਪਿਤਾ ਡੂੰਘੀ ਨੀਂਦ ਵਿਚ ਸਨ। ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਜਦੋਂ ਤੱਕ ਮਾਪੇ ਪਹੁੰਚੇ ਉਦੋਂ ਤੱਕ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਦਿੱਤਾ ਸੀ। ਘਟਨਾ ਤੋਂ ਹੈਰਾਨ ਜੋੜੇ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਇਥੇ ਦਸ ਦਈਏ ਕਿ ਔਰਤ ਜਦੋਂ ਗਰਭਵਤੀ ਸੀ ਤਾਂ ਇਸ ਦੌਰਾਨ ਕੁੱਤਾ ਕਾਫੀ ਚੰਗੇ ਢੰਗ ਨਾਲ ਪੇਸ਼ ਆਉਂਦਾ ਸੀ ਪਰ ਜਦੋਂ ਤੋਂ ਬੱਚਾ ਘਰ ਆਇਆ ਸੀ ਉਸ ਦੇ ਸੁਭਾਅ ਵਿਚ ਤਬਦੀਲੀ ਸੀ। ਪੀੜਤ ਜੋੜੇ ਨੇ ਦਸਿਆ ਕਿ ਜਦੋਂ ਤੋਂ ਨਵ ਜਮਿਆ ਬੱਚਾ ਘਰ ਆਇਆ ਸੀ ਉਦੋਂ ਤੋਂ ਹੀ ਕੁੱਤੇ ਦੇ ਮੂੰਹ ਵਿਚੋਂ ਲਾਰਾਂ ਟਪਕਦੀਆਂ ਸਨ ਪਰ ਪਰਵਾਰ ਇਹ ਸਮਝ ਨਾ ਸਕਿਆ। ਪਰਵਾਰ ਇਹ ਸੋਚਦਾ ਰਹਿ ਗਿਆ ਕਿ ਕਿਸੇ ਬੀਮਾਰੀ ਜਾਂ ਗਰਮੀ ਕਾਰਨ ਅਜਿਹਾ ਹੋ ਰਿਹਾ ਹੈ, ਪਰ ਹੁਣ ਅਸਲੀਅਤ ਸੱਭ ਦੇ ਸਾਹਮਣੇ ਹੈ। ਇਸ ਸਬੰਧੀ ਮਾਹਰਾਂ ਮੁਤਾਬਕ ਕੁੱਤਾ ਸ਼ੁਰੂ ਤੋਂ ਹੀ ਬੱਚੇ ਨੂੰ ਆਪਣਾ ਖਾਣਾ ਸਮਝ ਰਿਹਾ ਸੀ ਅਤੇ ਮੌਕਾ ਮਿਲਦੇ ਹੀ ਉਸ ਨੇ ਹਮਲਾ ਕਰ ਦਿੱਤਾ।