ਕੈਲੀਫੋਰਨੀਆ : ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਾਤ ’ਚ ਹੋਈ ਮੌਤ ਨੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ ਹੈ। ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ’ਚ ਪੈਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬਚਿੱਤਰ ਸਿੰਘ (23) ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ। ਉਹ ਟਰੱਕ ਲੈ ਕੇ ਲਾਸ ਏਂਜਲਸ ਤੋਂ ਫਰਿਜ਼ਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ’ਚ ਪਹੁੰਚਿਆ। ਜਦੋਂ ਸ਼ਾਮ ਤੱਕ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਯਾਰਾਂ-ਮਿੱਤਰਾਂ ਨੇ ਫ਼ੋਨ ਐਪ ਜ਼ਰੀਏ ਉਸ ਦੀ ਲੋਕੇਸ਼ਨ ਟ੍ਰੈਕ ਕੀਤੀ। ਇਹ ਲੋਕੇਸ਼ਨ ਟਰੱਕ ਯਾਰਡ ਦੀ ਸੀ, ਜਿਥੇ ਪਹੁੰਚ ਕੇ ਉਨ੍ਹਾਂ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨ ਕੇ ਟਰੱਕ ’ਚ ਪਰਨੇ ਨਾਲ ਲਟਕਦੀ ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੌਤ ਸਬੰਧੀ ਜਾਣਕਾਰੀ ਜਨਤਕ ਕਰੇਗੀ।