ਨਵੀਂ ਦਿੱਲੀ : ਸੰਸਾਰ ਮਹਾਂਮਾਰੀ ਦੇ ਪਰਛਾਵੇਂ ਹੇਠ ਅੱਜ ਦੇਸ਼ ਭਰ ਵਿਚ ਈਦ ਉਲ ਅਜਹਾ ਦਾ ਤਿਉਹਾਰ ਮਨਾਇਆ ਗਿਆ। ਬਹੁਤੀ ਥਾਈਂ ਲੋਕਾਂ ਨੇ ਆਪੋ ਅਪਣੇ ਘਰਾਂ ਵਿਚ ਹੀ ਈਦ ਦੀ ਨਮਾਜ਼ ਅਦਾ ਕੀਤੀ। ਦੱਸਣਯੋਗ ਹੈ ਕਿ ਬੀਮਾਰੀ ਫੈਲਣ ਤੋਂ ਰੋਕਣ ਲਈ ਦਿੱਲੀ ਵਿਚ ਤਿਉਹਾਰਾਂ ਮੌਕੇ ਇਕੱਤਰ ਹੋਣ ’ਤੇ ਰੋਕ ਹੈ।
ਅਜਿਹੀਆਂ ਹੀ ਪਾਬੰਦੀਆਂ ਵੱਖ ਵੱਖ ਸੂਬਿਆਂ ਵਿਚ ਹਨ ਹਾਲਾਂਕਿ ਪੰਜਾਬ ਵਿਚ ਬਾਹਰੀ ਥਾਂ ’ਤੇ 300 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿਤੀਆਂ। ਬਕਰੀਦ ਮੌਕੇ ਮਸਜਿਦਾਂ ਵਿਚ ਆਮ ਤੌਰ ’ਤੇ ਦਿਸਣ ਵਾਲੀ ਹਲਚਲ ਅਤੇ ਰੌਣਕ ਨਦਾਰਦ ਰਹੀ।
ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਅਤੇ ਫ਼ਹਿਹਪੁਰੀ ਮਸਜਿਦ ਵੀ ਲੋਕਾਂ ਲਈ ਬੰਦ ਸੀ। ਭੀੜ ਜਮ੍ਹਾਂ ਨਾ ਹੋਵੇ, ਇਸ ਲਈ ਮਸਜਿਦਾਂ ਦੇ ਬਾਹਰ ਪੁਲਿਸ ਵੀ ਤੈਨਾਤ ਕੀਤੀ ਗਈ ਸੀ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਇਅਦ ਅਹਿਮਦ ਬੁਖਾਰੀ ਨੇ ਕਿਹਾ, ‘ਕੋਵਿਡ ਸਬੰਧੀ ਪਾਬੰਦੀਆਂ ਕਾਰਨ ਸਮੂਹਕ ਰੂਪ ਵਿਚ ਨਮਾਜ਼ ਪੜ੍ਹਨ ’ਤੇ ਰੋਕ ਹੈ, ਕੇਵਲ ਕੁਝ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਵਾਰ ਨੇ ਹੀ ਅੱਜ ਈਦ ਦੀ ਨਮਾਜ਼ ਪੜ੍ਹੀ।’
ਲੋਕਾਂ ਨੂੰ ਘਰਾਂ ਅੰਦਰ ਹੀ ਈਦ ਮਨਾਉਣ ਲਈ ਪ੍ਰੇਰਿਤ ਕਰਨ ਵਾਸਤੇ ਇਮਾਮਾਂ ਨਾਲ ਬੈਠਕਾਂ ਕੀਤੀਆਂ ਗਈਆਂ ਸਨ ਤਾਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਸਾਰਿਆਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਕੋਰੋਨਾ ਮਹਾਂਮਾਰੀ ਕਾਰਨ ਕੁਰਬਾਨੀ ਲਈ ਪੇਸ਼ ਕੀਤੇ ਜਾਂਦੇ ਜਾਨਵਰਾਂ ਦੀ ਵਿਕਰੀ ਵੀ ਕਾਫ਼ੀ ਮੱਠੀ ਰਹੀ। ਵਪਾਰੀਆਂ ਦਾ ਕਹਿਣਾ ਸੀ ਕਿ ਜਿਹੜੇ ਬਕਰਾ ਪਹਿਲਾਂ 50 ਹਜ਼ਾਰ ਰੁਪਏ ਦਾ ਵਿਕ ਜਾਂਦਾ ਸੀ, ਉਸ ਦਾ ਅੱਧਾ ਮੁਲ ਵੀ ਨਹੀਂ ਮਿਲਿਆ ਕਿਉਂਕਿ ਮੰਡੀ ਵਿਚ ਗਾਹਕਾਂ ਦੀ ਭਾਰੀ ਕਮੀ ਸੀ।