Friday, November 22, 2024
 

ਚੰਡੀਗੜ੍ਹ / ਮੋਹਾਲੀ

ਹਰੀਸ਼ ਰਾਵਤ ਨਾਲ ਮੁਲਾਕਾਤ ਮਗਰੋਂ ਕੈਪਟਨ ਨੇ ਕਹੀ ਇਹ ਗੱਲ

July 17, 2021 03:42 PM

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੇ ਘਮਸਾਨ ਨੂੰ ਨਬੇੜਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਸ਼ਨੀਵਾਰ ਨੂੰ ਪੰਜਾਬ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ। ਜਿੱਥੋਂ ਉਹ ਸਿੱਧੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਗਏ ਅਤੇ ਦੋਵਾਂ ਆਗੂਆਂ ਵਿਚਾਲੇ ਕਾਫੀ ਲੰਬੀ ਮੀਟਿੰਗ ਹੋਈ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਜਿੱਥੇ ਹਰੀਸ਼ ਰਾਵਤ ਸਾਹਮਣੇ ਕੈਪਟਨ ਨੇ ਆਪਣੇ ਮੁੱਦੇ ਰੱਖੇ ਉਥੇ ਹੀ ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਹੈ ਕਿ ਹਾਈਕਮਾਨ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਸਿਆਸੀ ਪੰਡਤਾਂ ਮੁਤਾਬਕ ਇਸ ਦਾ ਸਾਫ਼ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਲਈ ਲਗਭਗ ਸਹਿਮਤੀ ਦੇ ਦਿੱਤੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ, ਉਥੇ ਹੀ ਸ਼ੁੱਕਰਵਾਰ ਨੂੰ ਕੈਪਟਨ ਨੇ ਹਾਈਕਾਨ ਨੂੰ ਚਿੱਠੀ ਰਾਹੀਂ ਨਾਰਾਜ਼ਗੀ ਵੀ ਜਤਾਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕੈਪਟਨ ਆਖ ਚੁੱਕੇ ਹਨ ਕਿ ਪੰਜਾਬ ਮਾਮਲੇ ’ਤੇ ਆਖਰੀ ਫ਼ੈਸਲਾ ਹਾਈਕਮਾਨ ਨੇ ਹੀ ਕਰਨਾ ਹੈ ਅਤੇ ਉਸ ਵਲੋਂ ਜਿਹੜਾ ਵੀ ਫ਼ੈਸਲਾ ਲਿਆ ਜਾਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਗਾਂਧੀ ਪਰਿਵਾਰ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਰਿਸ਼ਤੇ ਹਨ ਅਤੇ ਇਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਉਹ ਸੋਨੀਆ ਗਾਂਧੀ ਦੀ ਗੱਲ ਨੂੰ ਟਾਲਣਾ ਨਹੀਂ ਚਾਹੁੰਦੇ। ਭਾਵੇਂ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦਾ ਰਸਮੀ ਐਲਾਨ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਪਰ ਜੇਕਰ ਸਿੱਧੂ ਪੰਜਾਬ ਪ੍ਰਧਾਨ ਬਣਦੇ ਹਨ ਤਾਂ ਇਸ ਦੇ ਨਾਲ ਹੀ ਦੋ ਹੋਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਹੋਣਗੇ।

 

 

Have something to say? Post your comment

Subscribe