ਵੈਨਕੂਵਰ : ਇਹ ਤੀਜੀ ਵਾਰ ਹੈ ਕਿ ਕੈਨੇਡਾ ਵਿਚ ਬੱਚਿਆਂ ਦੇ ਪਿੰਜਰ ਵੱਡੀ ਗਿਣਤੀ ਵਿਚ ਮਿਲੇ ਹਨ। ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਹੋਰ ਸਾਬਕਾ ਰਿਹਾਇਸ਼ੀ ਸਕੂਲ ਵਿਚ 160 ਤੋਂ ਵੱਧ ਬੱਚਿਆਂ ਦੀਆਂ ਕਬਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਬੀ.ਸੀ. ਦੇ ਦੱਖਣੀ ਖਾੜੀ ਟਾਪੂਆਂ ਨਾਲ ਸਬੰਧਤ ਪੈਨੀਲਾਕੂਟ ਕਬੀਲੇ ਵੱਲੋਂ ਕੀਤੇ ਗਏ ਹੈਰਾਨਕੁੰਨ ਖੁਲਾਸੇ ਮੁਤਾਬਕ ਇਸ ਥਾਂ ’ਤੇ ਕਿਸੇ ਵੇਲੇ ਕੂਪਰ ਆਇਲੈਂਡ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ। ਅਣਪਛਾਤੀਆਂ ਕਬਰਾਂ ਦੀ ਜਾਣਕਾਰੀ ਦਿੰਦਿਆਂ ਕਬੀਲੇ ਵੱਲੋਂ ਜਾਰੀ ਪੱਤਰ ਵਿਚ ਕੂਪਰ ਆਇਲੈਂਡ ਇੰਡਸਟ੍ਰੀਅਲ ਸਕੂਲ ਦੀ ਅਸਲੀਅਤ ਬਾਰੇ ਮੁਲਕ ਦੇ ਹਰ ਕੋਨੇ ਤੱਕ ਜਾਣਕਾਰੀ ਪਹੁੰਚਾਉਣ ਦਾ ਸੱਦਾ ਵੀ ਦਿਤਾ ਗਿਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਫ਼ਿਲਹਾਲ ਮੂਲ ਬਾਸ਼ਿੰਦਿਆਂ ਦੇ ਇਸ ਕਬੀਲੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਬੱਚਿਆਂ ਦੀਆਂ ਕਬਰਾਂ ਬਾਰੇ ਕਿਵੇਂ ਪਤਾ ਲੱਗਿਆ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਕੂਪਰ ਰੈਜ਼ੀਡੈਂਸ਼ੀਅਲ ਸਕੂਲ 1890 ਵਿਚ ਖੋਲਿ੍ਹਆ ਗਿਆ ਅਤੇ 1970 ਦੇ ਦਹਾਕੇ ਤੱਕ ਚੱਲਿਆ। ਚੇਤੇ ਰਹੇ ਕਿ ਬੀਤੇ ਵੀਰਵਾਰ ਨੂੰ ਹੀ ਬੀ.ਸੀ. ਦੇ ਕੈਮਲੂਪਸ ਨਾਲ ਸਬੰਧਤ ਮੂਲ ਬਾਸ਼ਿੰਦਿਆਂ ਵੱਲੋਂ ਇਕ ਹੋਰ ਰਿਹਾਇਸ਼ੀ ਸਕੂਲ ਦਾ ਭੇਤ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬੀ.ਸੀ. ਦੇ ਕੈਮਲੂਪਸ ਅਤੇ ਸਸਕੈਚੇਵਨ ਵਿਖੇ ਸੈਂਕੜੇ ਬੱਚਿਆਂ ਦੀਆਂ ਕਬਰਾਂ ਮੌਜੂਦ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਹੈ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ। ਪੈਨੀਲਾਕੂਟ ਕਬੀਲੇ ਦੀ ਮੁਖੀ ਜੋਆਨ ਬ੍ਰਾਊਨ ਨੇ ਕਿਹਾ ਕਿ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਰਗੀਆਂ ਘਿਨਾਉਣੀਆਂ ਕਰਤੂਤਾਂ ਨੂੰ ਬਰਦਾਸ਼ਤ ਕਰਨਾ ਅਸੰਭਵ ਹੈ। ਜ਼ਖ਼ਮਾਂ ’ਤੇ ਮਲ੍ਹਮ ਲਾਉਣ ਨਾਲ ਇਹ ਸਮੇਂ ਦੇ ਨਾਲ ਭਰ ਜਾਂਦੇ ਹਨ ਪਰ ਕਈ ਵਾਰ ਦੁੱਖ ਐਨਾ ਜ਼ਿਆਦਾ ਡੂੰਘਾ ਹੁੰਦਾ ਹੈ ਕਿ ਜ਼ਖ਼ਮਾਂ ਭਰਨਾ ਮੁਸ਼ਕਲ ਹੋ ਜਾਂਦਾ ਹੈ। ਜੋਆਨ ਬ੍ਰਾਊਨ ਨੇ ਬੱਚਿਆਂ ਦੀ ਯਾਦ ਵਿਚ ਚੈਮਾਈਨਸ ਵਿਖੇ 2 ਅਗਸਤ ਨੂੰ ਸ਼ਰਧਾਂਜਲੀ ਮਾਰਚ ਕੱਢਣ ਦਾ ਐਲਾਨ ਕੀਤਾ ਜਿਸ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੂੰ ਕੂਪਰ ਆਇਲੈਂਡ ਰੈਜ਼ੀਡੈਂਸ਼ੀਅਲ ਸਕੂਲ ਵਿਚ ਦਾਖਲਾ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਆਖਰਕਾਰ ਇਨ੍ਹਾਂ ਵਿਚੋਂ ਕਈ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਏ। ਕੈਨੇਡਾ ਵਿਚ ਲਗਾਤਾਰ ਮੂਲ ਬਾਸ਼ਿੰਦਿਆਂ ਦੀਆਂ ਕਬਰਾਂ ਮਿਲਣ ਦਾ ਸਿਲਸਿਲਾ ਜਾਰੀ ਹੈ ਅਤੇ ਕੈਥੋਨਿਕ ਚਰਚ ਇਸ ਬਾਰੇ ਮੁਆਫ਼ੀ ਮੰਗਣ ਨੂੰ ਤਿਆਰ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਦਿਨੀਂ ਪੋਪ ਫ਼ਰਾਂਸਿਸ ਨੂੰ ਕੈਨੇਡਾ ਆਉਣ ਅਤੇ ਮੂਲ ਬਾਸ਼ਿੰਦਿਆਂ ਦੇ ਬੱਚਿਆਂ ਨਾਲ ਵਾਪਰੇ ਘਟਨਾਕ੍ਰਮ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਗਈ ਸੀ।