ਮਾਸਕੋ : ਦੇਸ਼ ਰੂਸ ਦੇ ਆਰਕਟਿਕ ਵਿਚ ਇਕ ਅਜੀਬ ਮਾਮਲਾ ਵੇਖਣ ਵਿਚ ਆਇਆ ਹੈ। ਚੋਰਾਂ ਨੇ ਸੱਭ ਹੱਦਾਂ ਪਾਰ ਕਰਦੇ ਹੋਏ ਇਕ ਪੂਰਾ ਪੁਲ ਹੀ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਚੋਰਾਂ ਨੇ 56 ਟਨ ਭਾਰ ਵਾਲਾ ਪੁਲ ਗ਼ਾਇਬ ਕਰ ਦਿਤਾ। ਪੁਲਿਸ ਨੇ ਪਰਚਾ ਦਰਜ ਕਰਦੇ ਹੋਏ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿਤੀ ਹੈ। ਰੂਸ ਦੇ ਮੁਰਮਨਸਕ ਖੇਤਰ ਵਿਚ ਇਕ ਉੱਚਾ ਅਤੇ ਲੰਮਾ ਪੁਲ ਹੈ ਅਤੇ ਇਸ ਦਾ 76 ਫੁੱਟ ਹਿੱਸਾ ਚੋਰੀ ਹੋ ਗਿਆ ਹੈ ਜਦ ਕਿ ਇਹ ਪੁਲ ਹੁਣ ਵਰਤੋਂ ਵਿਚ ਨਹੀਂ ਹੈ।
ਪੁਲ ਦੇ ਗਾਇਬ ਹੋਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਫੈਲ ਗਈ ਸੀ ਅਤੇ 16 ਮਈ ਨੂੰ ਵੀ.ਕੇ. ਪੇਜ 'ਤੇ ਜਾਰੀ ਤਸਵੀਰ ਵਿਚ ਪੁਲ ਦੇ ਵਿਚਕਾਰਲੇ ਹਿੱਸੇ ਨੂੰ ਪਾਣੀ ਵਿਚ ਡਿੱਗਿਆ ਦਿਖਾਇਆ ਗਿਆ ਸੀ ਪਰ ਉਸ ਦੇ 10 ਦਿਨ ਬਾਅਦ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੋਰ ਕਈ ਤਸਵੀਰਾਂ ਪਾਈਆਂ ਗਈਆਂ ਜਿਨ੍ਹਾਂ ਵਿਚ ਪੁਲ ਗਾਇਬ ਹੋ ਚੁੱਕਾ ਸੀ। ਪਾਣੀ ਵਿਚ ਡਿੱਗੇ ਪੁਲ ਦਾ ਮਲਬਾ ਵੀ ਗ਼ਾਇਬ ਸੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਾਤ ਚੋਰੀ ਕਰਨ ਵਾਲਿਆਂ ਨੇ ਪਹਿਲਾਂ ਪੁਲ ਨੂੰ ਪਾਣੀ ਵਿਚ ਸੁੱਟਿਆ ਅਤੇ ਫਿਰ ਹੌਲੀ-ਹੌਲੀ ਗਾਇਬ ਕਰ ਦਿਤਾ। ਸੰਭਾਵਨਾ ਜ਼ਾਹਰ ਕੀਤੀ ਹੈ ਕਿ ਇਹ ਕਬਾੜ ਚੋਰੀ ਕਰਨ ਵਾਲੇ ਗੈਂਗ ਦਾ ਇਹ ਕੰਮ ਹੋ ਸਕਦਾ ਹੈ।