ਕਾਬੁਲ : ਅਫ਼ਗ਼ਾਨਿਸਤਾਨ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਕਿਉਂਕਿ ਉੱਥੇ ਦੇਸ਼ ਦੇ ਸੁਰੱਖਿਆ ਬਲਾਂ ਤੇ ਤਾਲਿਬਾਨ ਵਿਚਾਲੇ ਪਿਛਲੇ ਲੜਾਈ ਜਾਰੀ ਹੈ। ਅਫ਼ਗ਼ਾਨਿਸਤਾਨ ਦੇ ਕਈ ਜ਼ਿਲ੍ਹਿਆਂ ’ਤੇ ਅਤਿਵਾਦੀਆਂ ਦਾ ਕਬਜ਼ਾ ਹੋ ਚੁੱਕਾ ਹੈ। ਹੁਣ ਹਾਲਾਤ ਵੇਖਦੇ ਹੋਏ ਭਾਰਤ ਨੇ ਕੰਧਾਰ ਤੋਂ ਆਪਣੇ 50 ਡਿਪਲੋਮੈਟ ਸੁਰੱਖਿਅਤ ਬਾਹਰ ਕੱਢ ਲਏ ਹਨ ਅਤੇ ਇਸੇ ਤਰ੍ਹਾਂ ਹੋਰ ਦੇਸ਼ ਵੀ ਇਹੀ ਕਾਰਵਾਈ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਦੇ ਅਤਿਵਾਦੀਆਂ ਨੇ ਕੰਧਾਰ ਦੇ ਸੱਤਵੇਂ ਪੁਲਿਸ ਜ਼ਿਲ੍ਹੇ ਉੱਤੇ ਸ਼ੁੱਕਰਵਾਰ ਨੂੰ ਹੀ ਆਪਣਾ ਕਬਜ਼ਾ ਜਮਾ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਕੰਧਾਰ ਤੇ ਹੈਲਮੰਡ ਸੂਬਿਆਂ ਵਿੱਚ ਇਸ ਵੇਲੇ ਤਾਲਿਬਾਨ ਅਤਿਵਾਦੀ ਹੀ ਨਹੀਂ, ਸਗੋਂ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੀ ਵੀ ਭਰਮਾਰ ਹੁੰਦੀ ਜਾ ਰਹੀ ਹੈ। ਤਾਜ਼ਾ ਅਨੁਮਾਨਾਂ ਮੁਤਾਬਕ 7, 000 ਤੋਂ ਵੱਧ ਲਸ਼ਕਰ ਅਤਿਵਾਦੀ ਇਸ ਵੇਲੇ ਤਾਲਿਬਾਨ ਨਾਲ ਮਿਲ ਕੇ ਅਫ਼ਗ਼ਾਨਿਸਤਾਨ ਦੀਆਂ ਫ਼ੌਜਾਂ ਵਿਰੁੱਧ ਲੜ ਰਹੇ ਹਨ। ਕੰਧਾਰ ਇਲਾਕੇ ਵਿੱਚ ਤਾਲਿਬਾਨ ਤੇ ਅਫ਼ਗ਼ਾਨ ਫ਼ੌਜਾਂ ਵਿਚਾਲੇ ਪਿਛਲੇ ਹਫ਼ਤੇ ਤੋਂ ਹੀ ਭਿਆਨਕ ਜੰਗ ਚੱਲ ਰਹੀ ਹੈ। ਕੰਧਾਰ ਸੂਬੇ ਦੇ ਰਣਨੀਤਕ ਪੱਖੋਂ ਬੇਹੱਦ ਅਹਿਮ ਪੁਲਿਸ ਜ਼ਿਲ੍ਹੇ ਪੰਜਵਈ ਉੱਤੇ ਤਾਂ ਪਿਛਲੇ ਹਫ਼ਤੇ ਹੀ ਤਾਲਿਬਾਨ ਅਤਿਵਾਦੀਆਂ ਦਾ ਕਬਜ਼ਾ ਹੋ ਗਿਆ ਸੀ। ਅਤਿਵਾਦੀਆਂ ਨੇ ਇਨ੍ਹਾਂ ਇਲਾਕਿਆਂ ਦੇ ਘਰਾਂ ਤੱਕ ਉੱਤੇ ਆਪਣਾ ਕਬਜ਼ਾ ਜਮਾ ਲਿਆ ਹੈ। ਇਸ ਸੰਘਰਸ਼ ਵਿੱਚ 70 ਤਾਲਿਬਾਨ ਅਤਿਵਾਦੀ ਮਾਰੇ ਗਏ ਹਨ। ਅਜਿਹੇ ਹਾਲਾਤ ਕਾਰਣ 2, 000 ਪਰਿਵਾਰ ਇਨ੍ਹਾਂ ਸਥਾਨਾਂ ਤੋਂ ਹਿਜਰਤ ਕਰ ਕੇ ਸੁਰੱਖਿਅਤ ਸਥਾਨਾਂ ਉੱਤੇ ਜਾ ਚੁੱਕੇ ਹਨ। ਕੰਧਾਰ ਦਰਅਸਲ ਕਾਬੁਲ ਤੋਂ ਬਾਅਦ ਅਫ਼ਗ਼ਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਕੰਧਾਰ ਸੂਬੇ ਦੀ ਰਾਜਧਾਨੀ ਵੀ ਹੈ। ਵਪਾਰਕ ਤੇ ਰਣਨੀਤਕ ਪੱਖੋਂ ਇਸ ਨੂੰ ਬੇਹੱਦ ਅਹਿਮ ਮੰਨਿਆ ਜਾਂਦਾ ਹੈ। 1990ਵਿਆਂ ਤੋਂ ਲੈ ਕੇ 2001 ਤੱਕ ਇਹੋ ਤਾਲਿਬਾਨ ਸਰਕਾਰ ਦਾ ਮੁੱਖ ਦਫ਼ਤਰ ਵੀ ਹੁੰਦਾ ਸੀ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ