ਨਵੀਂ ਦਿੱਲੀ : 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ ਧਰਤੀ ਵਲ ਵੱਧ ਰਿਹਾ ਹੈ ਤੇ ਇਸ ਦੀ ਧਰਤੀ ਨਾਲ ਟਕਰਾਉਣ ਦੀ ਛੇਤੀ ਹੀ ਸੰਭਾਵਨਾ ਹੈ। ਸਪੇਸਵੈਦਰ ਡਾਟ ਕਾਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤੂਫ਼ਾਨ ਸੂਰਜ ਦੇ ਵਾਯੂਮੰਡਲ ਤੋਂ ਆਇਆ ਹੈ। ਇਹ ਧਰਤੀ ਦੇ ਚੁੰਬਕੀ ਖੇਤਰ ’ਤੇ ਮਹੱਤਵਪੂਰਨ ਪ੍ਰਭਾਵ ਪਾਵੇਗਾ। ਤੁਹਾਡੇ ਟੀਵੀ-ਰੇਡੀਉ ਜਾਂ ਮੋਬਾਈਲ ਫ਼ੋਨ ’ਚ ਰੁਕਾਵਟ ਆ ਸਕਦੀ ਹੈ, ਇਸ ਦੀ ਵਜ੍ਹਾ ਬਣੇਗਾ ਸੂਰਜ ਦੀ ਸਤ੍ਹਾ ਤੋਂ ਉੱਠਿਆ ਭਿਆਨਕ ਸੂਰਜੀ ਤੂਫ਼ਾਨ ਜੋ ਕਿ 16, 09, 344 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਵਲ ਵਧ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਸੂਰਜੀ ਤੂਫ਼ਾਨ ਐਤਵਾਰ ਜਾਂ ਸੋਮਵਾਰ ਨੂੰ ਕਿਸੇ ਵੀ ਸਮੇਂ ਧਰਤੀ ਨਾਲ ਟਕਰਾ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿਤੀ ਹੈ ਕਿ ਇਸ ਤੂਫ਼ਾਨ ਕਾਰਨ ਸੈਟੇਲਾਈਟ ਸਿਗਨਲਾਂ ’ਚ ਅੜਿੱਕਾ ਆ ਸਕਦਾ ਹੈ। ਜਹਾਜ਼ਾਂ ਦੀ ਉਡਾਣ, ਰੇਡੀਉ ਸਿਗਨਲ, ਕਮਿਊਨੀਕੇਸ਼ਨ ਤੇ ਮੌਸਮ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ, ਉਥੇ ਹੀ ਜਿਹੜੇ ਲੋਕ ਉੱਤਰੀ ਜਾਂ ਦਖਣੀ ਅਕਸ਼ਾਂਸ਼ਾਂ ’ਤੇ ਰਹਿੰਦੇ ਹਨ, ਉਨ੍ਹਾਂ ਨੂੰ ਰਾਤ ਵੇਲੇ ਖ਼ੂਬਸੂਰਤ ਔਰਾ ਦਿਖਾਈ ਦੇ ਸਕਦਾ ਹੈ। ਔਰਾ ਧਰੁਵ ਨੇੜੇ ਰਾਤ ਵੇਲੇ ਅਸਮਾਨ ’ਚ ਚਮਕਣ ਵਾਲੀ ਰੋਸ਼ਨੀ ਨੂੰ ਕਹਿੰਦੇ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤੂਫ਼ਾਨ ਦੀ ਰਫ਼ਤਾਰ 16, 09, 344 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਦੀ ਰਫ਼ਤਾਰ ਜ਼ਿਆਦਾ ਵੀ ਹੋ ਸਕਦੀ ਹੈ, ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਾੜ ’ਚ ਮਹਾਤੂਫ਼ਾਨ ਆ ਜਾਵੇ ਤਾਂ ਉਸ ਨਾਲ ਧੜਤੀ ਦੇ ਲਗਭਗ ਸਾਰੇ ਸ਼ਹਿਰਾਂ ਦੀ ਬਿਜਲੀ ਜਾ ਸਕਦੀ ਹੈ।
ਸੂਰਜੀ ਤੂਫ਼ਾਨ ਕਾਰਨ ਧਰਤੀ ਦਾ ਬਾਹਰੀ ਵਾਯੂਮੰਡਲ ਗਰਮ ਹੋ ਸਕਦਾ ਹੈ ਜਿਸ ਦਾ ਸਿੱਧਾ ਅਸਰ ਸੈਟੇਲਾਈਟਸ ’ਤੇ ਹੋ ਸਕਦਾ ਹੈ। ਇਸ ਨਾਲ ਜੀ.ਪੀ.ਐਸ, ਨੈਵੀਗੇਸ਼ਨ, ਮੋਬਾਈਲ ਫ਼ੋਨ ਸਿਗਨਲ ਤੇ ਸੈਟੇਲਾਈਟ ਟੀਵੀ ’ਚ ਰੁਕਾਵਟ ਪੈਦਾ ਹੋ ਸਕਦੀ ਹੈ। ਪਾਵਰ ਲਾਈਨਜ਼ ’ਚ ਕਰੰਟ ਤੇਜ਼ ਹੋ ਸਕਦਾ ਹੈ ਜਿਸ ਨਾਲ ਟਰਾਂਸਫ਼ਾਰਮਰ ਵੀ ਉੱਡ ਸਕਦੇ ਹਨ। ਹਾਲਾਂਕਿ ਆਮ ਤੌਰ ’ਤੇ ਅਜਿਹਾ ਘੱਟ ਹੀ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਇਸ ਵਿਰੁਧ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।
ਜ਼ਿਕਰਯੋਗ ਹੈ ਕਿ ਸੂਰਜੀ ਤੂਫ਼ਾਨ ਪਹਿਲੀ ਵਾਰ ਨਹੀਂ ਆ ਰਿਹਾ ਹੈ। ਇਸ ਤੋਂ ਪਹਿਲਾਂ 1989 ’ਚ ਵੀ ਇਹ ਘਟਨਾ ਘਟੀ ਸੀ। ਉਸ ਵੇਲੇ ਤੂਫ਼ਾਨ ਕਾਰਨ ਕੈਨੇਡਾ ਦੇ ਕਿਊਬੈਕ ਸ਼ਹਿਰ ਦੀ ਬਿਜਲੀ ਕਰੀਬ 12 ਘੰਟੇ ਲਈ ਚਲੀ ਗਈ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਵੀ ਕਈ ਸਾਲ ਪਹਿਲਾਂ 1859 ’ਚ ਜੀਓਮੈਗਨੇਟਿਕ ਤੂਫ਼ਾਨ ਆਇਆ ਸੀ ਜਿਸ ਨੇ ਯੂਰਪ ਤੇ ਅਮਰੀਕਾ ’ਚ ਟੈਲੀਗ੍ਰਾਫ਼ ਨੈੱਟਵਰਕ ਨੂੰ ਤਬਾਹ ਕਰ ਦਿਤਾ ਸੀ।