ਲਖਨਊ : ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ATS) ਨੇ ਐਤਵਾਰ ਨੂੰ ਦੁਬੱਗਾ ਚੌਰਾਹੇ ਨੇੜੇ ਸੀਤਾ ਵਿਹਾਰ ਕਲੋਨੀ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਏਟੀਐੱਸ (ATS) ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਲਖਨਊ ਦੇ ਮੈਗਨ ਬੈਲਟ ਕਾਕੋਰੀ ਵਿਚ ਇਕ ਘਰ ਨੂੰ ਘੇਰਿਆ। ਏਟੀਐੱਸ ਨੇ ਇਸ ਘਰ ਤੋਂ ਅਲਕਾਇਦਾ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਫੜਿਆ ਹੈ।ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਵਿਚੋਂ ਸ਼ਾਹਿਦ ਅਤੇ ਉਸ ਦਾ ਸਾਥੀ ਵਸੀਮ, ਮਲੀਹਾਬਾਦ ਦੇ ਵਸਨੀਕ ਹਨ। ਦੋਵਾਂ ਕੋਲੋਂ ਦੋ ਪ੍ਰੈਸ਼ਰ ਕੁੱਕਰ ਬੰਬ, ਸੱਤ ਤੋਂ ਅੱਠ ਕਿਲੋ ਵਿਸਫੋਟਕ, ਕਈ ਪਿਸਤੌਲ ਅਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਟ੍ਰੇਨਡ ਅੱਤਵਾਦੀ ਹਨ। ਉਨ੍ਹਾਂ ਦੀ ਯੋਜਨਾ ਤਿੰਨ ਦਿਨਾਂ ਵਿਚ ਲਖਨਊ ਵਿਚ ਬੰਬ ਧਮਾਕਿਆਂ ਵਿਚ ਭਾਜਪਾ ਦੇ ਹੋਰ ਨੇਤਾਵਾਂ ਦੇ ਨਾਲ ਇਕ ਸੰਸਦ ਮੈਂਬਰ ਨੂੰ ਉਡਾਉਣ ਦੀ ਸੀ। ਉਨ੍ਹਾਂ ਦੇ ਕੋਲ ਭਾਰੀ ਮਾਤਰਾ ਵਿਚ ਵਿਸਫੋਟਕ ਮਿਲਿਆ। ਬੰਬ ਨੂੰ ਬੇਅਸਰ ਕਰਨ ਲਈ ਬੰਬ ਡਿਸਪੋਜ਼ੇਬਲ ਸਕਵਾਰਡ ਮੌਕੇ ਉੱਤੇ ਪਹੁੰਚਿਆ ਹੈ। ਇਸ ਦੌਰਾਨ ਅਧਿਕਾਰੀਆਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਅੱਤਵਾਦੀਆਂ ਦੀ ਯੋਜਨਾ ਯੂ.ਪੀ. ਵਿਚ ਸੀਰੀਅਲ ਬਲਾਸਟ ਕਰਨ ਦੀ ਵੀ ਸੀ।