ਲਖਨਊ : ਯੂਪੀ ਦੇ ਅਯੋਧਿਆ ਵਿਚ ਅੱਜ ਦੁਪਹਿਰੇ ਵੱਡਾ ਹਾਦਸਾ ਵਾਪਰ ਗਿਆ। ਇਥੇ ਗੁਪਤਾਰ ਘਾਟ ’ਤੇ ਸਰਯੂ ਨਦੀ ਵਿਚ ਨਹਾਉਣ ਦੌਰਾਨ ਇਕੋ ਪਰਵਾਰ ਦੇ 15 ਜੀਅ ਡੁੱਬ ਗਏ। ਜਾਣਕਾਰੀ ਅਨੁਸਾਰ ਹਾਦਸੇ ਵਿਚ ਹੁਣ ਤਕ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ 4 ਅਜੇ ਵੀ ਲਾਪਤਾ ਹਨ ਜਦਕਿ 6 ਜਣੇ ਬਚਾ ਲਏ ਗਏ। ਇਨ੍ਹਾਂ ਵਿਚੋਂ 3 ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆਗਰਾ ਦੇ ਸਿਕੰਦਰਾ ਦਾ ਰਹਿਣਾ ਵਾਲਾ 15 ਜੀਆਂ ਦਾ ਪਰਵਾਰ ਅੱਜ ਅਯੋਧਿਆ ਪਹੁੰਚਿਆ। ਦੁਪਹਿਰ ਸਮੇਂ ਸਾਰੇ ਜੀਅ ਘਾਟ ਵਿਚ ਇਸ਼ਨਾਨ ਕਰ ਰਹੇ ਸਨ ਕਿ ਪਰਵਾਰ ਦੀਆਂ ਦੋ ਔਰਤਾਂ ਦੇ ਪੈਰ ਤਿਸਲ ਗਏ ਅਤੇ ਨਦੀ ਦੇ ਤੇਜ਼ ਵਹਾਅ ਵਿਚ ਫਸ ਗਈਆਂ।
https://amzn.to/3wupfhc
ਉਨ੍ਹਾਂ ਨੂੰ ਬਚਾਉਣ ਲਈ ਆਲੇ ਦੁਆਲੇ ਨਹਾ ਰਹੇ ਪਰਵਾਰ ਦੇ ਹੋਰ ਜੀਅ ਅੱਗੇ ਆਏ। ਉਹ ਵੀ ਪਾਣੀ ਦੇ ਤੇਜ਼ ਵਹਾਅ ਵਿਚ ਫਸ ਗਏ ਅਤੇ ਚੀਕ-ਚਿਹਾੜਾ ਮਚ ਗਿਆ। ਆਵਾਜ਼ ਸੁਣ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਗੋਤਾਖੋਰਾਂ ਦੀ ਟੀਮ ਪਹੁੰਚੀ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪਰਵਾਰ ਦੇ ਤਿੰਨ ਜੀਅ ਕਿਸੇ ਤਰ੍ਹਾਂ ਬਾਹਰ ਆ ਗਏ ਜਦਕਿ 3 ਕੁੜੀਆਂ ਨੂੰ ਗੋਤਾਖੋਰਾਂ ਨੇ ਬਚਾ ਲਿਆ। ਔਰਤਾਂ ਸਮੇਤ ਪਰਵਾਰ ਦੇ 9 ਜੀਅ ਰੁੜ੍ਹ ਗਏ। ਤਲਾਸ਼ੀ ਮੁਹਿੰਮ ਦੌਰਾਨ ਇਕ ਘੰਟੇ ਮਗਰੋਂ 5 ਲਾਸ਼ਾਂ ਮਿਲੀਆਂ ਜਦਕਿ 4 ਜਣਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ। ਮੌਕੇ ’ਤੇ ਡਿਪਟੀ ਕਮਿਸ਼ਨਰ ਅਨੁਜ ਕੁਮਾਰ ਝਾਅ ਅਤੇ ਪੁਲਿਸ ਅਧਿਕਾਰੀ ਪਹੁੰਚੇ। ਬਚਾਅ ਕਾਰਜ ਜਾਰੀ ਹਨ ਅਤੇ ਲਾਪਤਾ ਲੋਕਾਂ ਨੂੰ ਲਭਿਆ ਜਾ ਰਿਹਾ ਹੈੇ।