ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ। ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।
ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4, 000 ਤੋਂ 5, 000 ਦੱਸਦੇ ਹਨ।
ਲੈਫ਼ਟੀਨੈਂਟ ਜਨਰਲ ਬਰਾੜ ਨਾਲ ਕੀਤੀ ਗਈ ਗੱਲਬਾਤ ਦੇ ਅਹਿਮ ਅੰਸ਼-
ਸਵਾਲ : ਜਨਰਲ ਬਰਾੜ ਤੁਸੀਂ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਆਪਰੇਸ਼ਨ ਬਾਰੇ ਤੁਹਾਨੂੰ ਨਹੀਂ ਪਤਾ ਸੀ। ਉਸ ਸਮੇਂ ਤੁਸੀਂ ਕਿੱਥੇ ਸੀ।
ਜਵਾਬ : ਮੈਂ ਮੇਰਠ ਵਿੱਚ ਸੀ ਅਤੇ 90 ਇਨਫੈਂਟਰੀ ਡਿਵੀਜ਼ਨ ਨੂੰ ਕਮਾਂਡ ਕਰ ਰਿਹਾ ਸੀ। 30 ਮਈ ਨੂੰ ਫੋਨ ਆਇਆ ਕਿ ਮੈ ਇੱਕ ਜੂਨ ਨੂੰ ਚੰਡੀ ਮੰਦਿਰ ਇੱਕ ਬੈਠਕ ਲਈ ਪਹੁੰਚਣਾ ਹੈ ਜਦਕਿ ਉਸੇ ਸ਼ਾਮ ਸਾਡਾ ਪ੍ਰੋਗਰਾਮ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਜਾਣ ਦਾ ਸੀ। ਟਿਕਟਾਂ ਬੁੱਕ ਹੋ ਚੁੱਕੀਆਂ ਸਨ ਪਰ ਇਸ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ।
ਮੈਂ ਸੜਕ ਮਾਰਗ ਰਾਹੀਂ ਦਿੱਲੀ ਪੁੱਜਿਆ ਅਤੇ ਫਿਰ ਜਹਾਜ਼ ਰਾਹੀ ਚੰਡੀਗੜ੍ਹ ਪਹੁੰਚਿਆ। ਸਿੱਧਾ ਵੈਸਟਰਨ ਕਮਾਂਡ ਗਿਆ। ਜਦੋਂ ਉੱਥੇ ਪਹੁੰਚਿਆ ਤਾਂ ਦੱਸਿਆ ਗਿਆ ਕਿ ਜਲਦੀ ਤੋਂ ਜਲਦੀ ਅੰਮ੍ਰਿਤਸਰ ਪਹੁੰਚਣਾ ਹੈ।
ਮੈਨੂੰ ਬ੍ਰੀਫਿੰਗ ਦੌਰਾਨ ਦੱਸਿਆ ਗਿਆ ਕਿ ਹਾਲਾਤ ਬਹੁਤ ਖ਼ਰਾਬ ਹਨ। ਜਰਨੈਲ ਸਿੰਘ ਭਿਡਰਾਂਵਾਲੇ ਨੇ ਪੂਰੇ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰ ਲਿਆ ਹੈ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ।
ਪੁਲਿਸ ਅਤੇ ਸੂਬੇ ਦੀ ਮਸ਼ੀਨਰੀ ਕੰਮ ਨਹੀਂ ਕਰ ਰਹੀ। ਇਸ ਹਾਲਾਤ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਹੈ, ਨਹੀਂ ਤਾਂ ਪੰਜਾਬ ਭਾਰਤ ਹੱਥੋਂ ਨਿਕਲ ਜਾਵੇਗਾ।
ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਪਹੁੰਚਿਆ। ਉਸ ਸਮੇਂ ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਦਰਬਾਰ ਸਾਹਿਬ ਵਿੱਚ ਕੀ ਹੋ ਰਿਹਾ ਹੈ ਕਿ ਅਤੇ ਕੀ ਨਹੀਂ ਹੋ ਰਿਹਾ। ਇਨ੍ਹਾਂ ਹਾਲਤਾਂ ਵਿੱਚ ਮੈਂ ਆਪਣੀ ਰਣਨੀਤੀ ਸ਼ੁਰੂ ਕੀਤੀ।
ਸਵਾਲ : ਤੁਹਾਨੂੰ ਬ੍ਰੀਫ ਵਿੱਚ ਆਪਰੇਸ਼ਨ ਦੇ ਕੀ ਉਦੇਸ਼ ਦਿੱਤੇ ਗਏ ਸੀ?
ਜਵਾਬ : ਮੈਨੂੰ ਦੱਸਿਆ ਗਿਆ ਸੀ ਕਿ ਹਾਲਾਤ ਐਨੇ ਖ਼ਰਾਬ ਹੋ ਗਏ ਹਨ ਕਿ ਅਗਲੇ ਦੋ-ਚਾਰ ਦਿਨ ਵਿੱਚ ਖ਼ਾਲਿਸਤਾਨ ਦਾ ਐਲਾਨ ਹੋ ਜਾਵੇਗਾ। ਜਿਸ ਤੋਂ ਬਾਅਦ ਪੰਜਾਬ ਪੁਲਿਸ ਖਾਲਿਸਤਾਨੀਆਂ ਨਾਲ ਮਿਲ ਜਾਵੇਗੀ। ਫਿਰ ਦਿੱਲੀ ਅਤੇ ਹਰਿਆਣਾ ਵਿੱਚ ਜਿਹੜੇ ਸਿੱਖ ਹਨ ਉਹ ਤੁਰੰਤ ਪੰਜਾਬ ਵੱਲ ਵਧਣਗੇ।
ਸਾਲ 1947 ਦੀ ਤਰ੍ਹਾਂ ਦੰਗੇ ਹੋ ਸਕਦੇ ਹਨ। ਪਾਕਿਸਤਾਨ ਵੀ ਸਰਹੱਦ ਪਾਰ ਕਰ ਸਕਦਾ ਹੈ, ਯਾਨਿ ਪਾਕਿਸਤਾਨ ਦੇ ਬੰਗਾਲਦੇਸ਼ ਤੋਂ ਵੱਖ ਹੋਣ ਦੀ ਘਟਨਾ ਭਾਰਤ ਵਿੱਚ ਦੁਹਰਾਈ ਜਾ ਸਕਦੀ ਹੈ।
ਦੰਗੇ, ਖਾਲਿਸਤਾਨ ਦੇ ਸੰਭਾਵਿਤ ਐਲਾਨ ਅਤੇ ਪਾਕਿਸਤਾਨੀ ਫੌਜ ਨੂੰ ਸਰਹੱਦ ਅੰਦਰ ਆਉਣ ਤੋਂ ਰੋਕਣਾ।
ਹਾਲਾਂਕਿ ਇਸ ਸਾਰੇ ਹਾਲਾਤ ਨੂੰ ਦੇਖਦੇ ਹੋਏ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਜਾਵੇ।
ਪਰ ਜਦੋਂ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਹੁਣ ਕਾਰਵਾਈ ਕੀਤੀ ਜਾਵੇਗੀ ਅਤੇ ਹਰਿਮੰਦਰ ਸਾਹਿਬ ਨੂੰ ਭਿੰਡਰਾਂਵਾਲੇ ਦੇ ਹੱਥੋਂ ਕੱਢਿਆ ਜਾਵੇ।
ਬੜਾ ਨਾਜ਼ੁਕ ਮਾਮਲਾ ਸੀ, ਮੈਨੂੰ ਕਿਹਾ ਗਿਆ ਸੀ ਕਿ ਆਪਰੇਸ਼ਨ ਵਿੱਚੋਂ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਦਾ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ।
ਸਵਾਲ : ਇਹ ਦੱਸੋ ਕਿ ਪੰਜ ਜੂਨ ਦਾ ਦਿਨ ਹੀ ਕਿਉਂ ਚੁਣਿਆ ਗਿਆ। ਇਸ ਬਾਰੇ ਪਹਿਲਾਂ ਹੀ ਤੈਅ ਸੀ ਜਾਂ ਤੁਸੀਂ ਫ਼ੈਸਲਾ ਲਿਆ।
ਜਵਾਬ : ਜਵਾਨਾਂ ਨੂੰ ਦੱਸਿਆ ਕਿ ਹਾਲਾਤ ਕਿੰਨੇ ਖ਼ਰਾਬ ਹੋ ਗਏ ਹਨ। ਸਾਨੂੰ ਅੰਦਰ ਜਾਣਾ ਹੀ ਪਵੇਗਾ ਅਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਪਵਿੱਤਰ ਥਾਂ 'ਤੇ ਜਾ ਕੇ ਉਸ ਨੂੰ ਬਰਬਾਦ ਕਰ ਰਹੇ ਹਾਂ। ਸਗੋਂ ਅਸੀਂ ਉਸਦੀ ਹਿਫ਼ਾਜ਼ਤ ਕਰਨ ਜਾ ਰਹੇ ਹਾਂ। ਯੋਜਨਾ ਬਣਾਉਣ ਅਤੇ ਫੌਜ ਨੂੰ ਪੁੱਜਣ ਵਿੱਚ ਸਮਾਂ ਲੱਗ ਜਾਂਦਾ ਹੈ।
ਫੌਜੀਆਂ ਨੇ ਮੇਰਠ, ਜਲੰਧਰ ਅਤੇ ਦਿੱਲੀ ਤੋਂ ਆਉਣਾ ਸੀ, ਫਿਰ ਉਨ੍ਹਾਂ ਨੂੰ ਤੈਨਾਤ ਕਰਨਾ ਸੀ। ਇਹ ਪਤਾ ਲਗਾਉਣਾ ਸੀ ਕਿ ਅੱਤਵਾਦੀ ਕਿੱਥੇ-ਕਿੱਥੇ ਹਨ। ਉਨ੍ਹਾਂ ਕੋਲ ਕਿਹੜੇ ਹਥਿਆਰ ਹਨ। ਯੋਜਨਾ ਬਣਾਉਣ ਵਿੱਚ ਸਮਾਂ ਤਾਂ ਲਗਦਾ ਹੀ ਹੈ।
ਸਵਾਲ : ਕੀ ਤੁਹਾਨੂੰ ਕੁਝ ਖ਼ੁਫੀਆ ਜਾਣਕਾਰੀ ਮਿਲ ਰਹੀ ਸੀ ਕਿ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਸੀ। ਕੁਝ ਅੰਦਾਜ਼ਾ ਸੀ?
ਜਵਾਬ : ਨਹੀਂ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ. ਜਦੋਂ ਉੱਥੇ ਪੁੱਜਿਆ ਤਾਂ ਹਾਲਾਤਾਂ ਤੋਂ ਜਾਣੂ ਹੋਇਆ। ਪੁਲਿਸ ਵਾਲੇ ਨਜ਼ਰ ਨਹੀਂ ਆ ਰਹੇ ਸੀ। ਬਹੁਤ ਹੀ ਘੱਟ ਗਿਣਤੀ ਵਿੱਚ ਸੀ।
ਅਸੀਂ ਤਿਆਰੀ ਸ਼ੁਰੂ ਕੀਤੀ ਅਤੇ ਇੱਕ ਸਿੱਖ ਅਫ਼ਸਰ ਨੂੰ ਸਾਦੇ ਕੱਪੜਿਆਂ ਵਿੱਚ ਸ਼ਰਧਾਲੂ ਦੇ ਰੂਪ 'ਚ ਅੰਦਰ ਭੇਜਿਆ ਅਤੇ ਜੋ ਉਹ ਦੇਖ ਸਕਦੇ ਸੀ ਉਸਦੀ ਜਾਣਕਾਰੀ ਦਿੱਤੀ।
ਨਾਲ ਹੀ ਹਰਿਮੰਦਰ ਸਾਹਿਬ ਦੇ ਬਾਹਰ ਦੇ ਮਕਾਨਾਂ ਦੀਆਂ ਛੱਤਾਂ ਤੋਂ ਦੂਰਬੀਨ ਦੀ ਮਦਦ ਨਾਲ ਸਥਿਤੀ ਦਾ ਜਾਇਜ਼ਾ ਲਿਆ।
ਅਸੀਂ ਪੰਜ ਜੂਨ ਦੀ ਰਾਤ ਨੂੰ ਅੰਦਰ ਗਏ ਸੀ। ਇਸ ਲਈ ਪੰਜ ਜੂਨ ਦੀ ਸਵੇਰ ਹੀ ਮੈਂ ਫੌਜੀਆਂ ਨੂੰ ਆਪਰੇਸ਼ਨ ਬਾਰੇ ਦੱਸਿਆ।
ਉਸ ਤੋਂ ਪਹਿਲਾਂ ਨਹੀਂ ਦੱਸਿਆ ਗਿਆ, ਜੇਕਰ ਇਸਦੀ ਗੱਲ ਬਾਹਰ ਚਲੀ ਜਾਂਦੀ ਤਾਂ ਇਹ ਆਪਰੇਸ਼ਨ ਆਪਣੇ ਅੰਜਾਮ ਤੱਕ ਨਹੀਂ ਪਹੁੰਚ ਸਕਦਾ ਸੀ।
ਪੂਰੇ ਪੰਜਾਬ ਵਿੱਚ ਇਹ ਗੱਲ ਫੈਲ ਜਾਂਦੀ ਕਿ ਫੌਜ ਅੰਦਰ ਜਾਣ ਵਾਲੀ ਹੈ। ਇਸ ਲਈ ਜਿੰਨੀ ਦੇਰ ਨਾਲ ਜਾਣਕਾਰੀ ਦੇ ਸਕਦੇ ਸੀ, ਦਿੱਤੀ। ਪੰਜ ਜੂਨ ਨੂੰ ਸਵੇਰੇ ਸਾਢੇ ਚਾਰ ਵਜੇ ਹਰ ਇੱਕ ਬਟਾਲੀਅਨ ਦੇ ਕੋਲ ਜਾ ਕੇ ਕਰੀਬ ਅੰਧੇ ਘੰਟੇ ਤੱਕ ਉਨ੍ਹਾਂ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਦੱਸਿਆ ਕਿ ਹਾਲਾਤ ਕਿੰਨੇ ਖਰਾਬ ਹੋ ਗਏ ਹਨ। ਸਾਨੂੰ ਅੰਦਰ ਜਾਣਾ ਹੀ ਹੋਵੇਗਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਹਿੰਦੂ, ਸਿੱਖ, ਮੁਸਲਮਾਨ ਜਾਂ ਪਾਰਸੀ ਹਾਂ। ਉਨ੍ਹਾਂ ਨੂੰ ਸਮਝਾਇਆ ਕਿ ਪੰਜਾਬ ਵੱਖਰਾ ਹੋ ਸਕਦਾ ਹੈ ਅਤੇ ਇਸ ਨਾਲ ਦੇਸ ਦੀ ਵੰਡ ਹੋ ਸਕਦੀ ਹੈ। ਮੈਂ ਕਿਹਾ ਕਿ ਜਦੋਂ ਅਸੀਂ ਇੱਕ ਵਾਰ ਵਰਦੀ ਪਾ ਲਈ ਹੈ ਅਤੇ ਕਸਮ ਖਾ ਲਈ ਹੈ ਤਾਂ ਦੇਸ ਦੀ ਰੱਖਿਆ ਕਰਨੀ ਹੈ। ਸਾਨੂੰ ਜੋ ਹੁਕਮ ਮਿਲਿਆ ਹੈ, ਉਸਦਾ ਪਾਲਣ ਕਰਨਾ ਹੈ।
ਮੈਂ ਪੁੱਛਿਆ ਕਿ ਜੇਕਰ ਕੋਈ ਜਵਾਨ ਇਹ ਸੋਚਦਾ ਹੈ ਕਿ ਉਸ ਨੇ ਅੰਦਰ ਨਹੀਂ ਜਾਣਾ ਹੈ ਤਾਂ ਉਹ ਕਹਿ ਦੇਵੇ, ਉਸ ਨੂੰ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਕੋਈ ਐਕਸ਼ਨ ਨਹੀਂ ਹੋਵੇਗਾ। ਕਿਸੇ ਨੇ ਕੁਝ ਨਹੀਂ ਕਿਹਾ, ਪਰ ਚੌਥੀ ਬਟਾਲੀਅਨ ਵਿੱਚ ਇੱਕ ਸਿੱਖ ਖੜ੍ਹਾ ਹੋਇਆ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਅੰਦਰ ਨਹੀਂ ਜਾਣਾ ਤਾਂ ਤੁਸੀਂ ਹਿੱਸਾ ਲੈਣ ਤੋਂ ਮੁਕਤ ਹੋ ਅਤੇ ਤੁਹਾਡੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ।
ਪਰ ਉਸ ਸਿੱਖ ਅਧਿਕਾਰੀ ਨੇ ਕਿਹਾ, ''ਤੁਸੀਂ ਮੈਨੂੰ ਗ਼ਲਤ ਸਮਝ ਰਹੇ ਹੋ। ਮੈਂ ਸਭ ਤੋਂ ਪਹਿਲੀ ਟੁੱਕੜੀ ਵਿੱਚ ਅੰਦਰ ਜਾਣਾ ਚਾਹੁੰਦਾ ਹਾਂ।''
''ਤੁਸੀਂ ਮੈਨੂੰ ਅੰਦਰ ਭੇਜੋ।'' ਮੈਂ ਹੁਕਮ ਦਿੱਤਾ ਕਿ ਉਨ੍ਹਾਂ ਦੀ ਪਲਟਨ ਸਭ ਤੋਂ ਪਹਿਲਾਂ ਅਤੇ ਅੱਗੇ ਜਾਵੇਗੀ ਅਤੇ ਅਜਿਹਾ ਹੀ ਹੋਇਆ।''
ਉਸ ਸ਼ੁਰੂਆਤੀ ਹਮਲੇ ਵਿੱਚ ਮਸ਼ੀਨਗੰਨ ਦੀ ਫਾਇਰਿੰਗ ਨਾਲ ਉਨ੍ਹਾਂ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਖ਼ੂਨ ਵਗ ਰਿਹਾ ਸੀ ਫਿਰ ਵੀ ਉਹ ਅੱਗੇ ਵਧਦਾ ਰਿਹਾ। ਬਾਹਰ ਐਂਬੂਲੈਂਸ ਖੜ੍ਹੀ ਸੀ ਅਤੇ ਉਸ ਨੂੰ ਜ਼ਬਰਦਸਤੀ ਫੜ ਕੇ ਵਾਪਿਸ ਲਿਆਂਦਾ ਗਿਆ।
ਸਵਾਲ : ਆਪਰੇਸ਼ਨ ਕਿੰਨੇ ਵਜੇ ਸ਼ੁਰੂ ਹੋਇਆ। ਕਦੋਂ ਫੌਜ ਦੀ ਪਹਿਲੀ ਟੁਕੜੀ ਭੇਜੀ ਗਈ।
ਜਵਾਬ : ਅਸੀਂ ਆਪਰੇਸ਼ਨ ਸ਼ਾਮ ਨੂੰ ਸੱਤ ਵਜੇ ਸ਼ੁਰੂ ਕਰਨਾ ਚਾਹੁੰਦੇ ਸੀ। ਇਸ ਲਈ ਅਸੀਂ ਪੰਜ ਵਜੇ ਤੋਂ ਹੀ ਲਾਊਡਸਪੀਕਰ ਜ਼ਰੀਏ ਇਹ ਐਲਾਨ ਸ਼ੁਰੂ ਕਰ ਦਿੱਤਾ ਕਿ ਜਿਹੜੇ ਲੋਕ ਬਾਹਰ ਨਿਕਲਣਾ ਚਾਹੁੰਦੇ ਹਨ, ਨਿਕਲ ਜਾਣ।
ਅਸੀਂ ਸਭ ਚਾਹੁੰਦੇ ਸੀ ਕਿ ਜਿਹੜੇ ਲੋਕ ਬੇਗ਼ੁਨਾਹ ਹਨ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਪਰ ਕੋਈ ਨਹੀਂ ਆਇਆ, ਫਿਰ ਅਸੀਂ ਸੱਤ ਵਜੇ ਐਲਾਨ ਕੀਤਾ ਪਰ ਕੋਈ ਨਹੀਂ ਆਇਆ। ਉਦੋਂ ਅਸੀਂ ਆਪਰੇਸ਼ਨ ਦਾ ਸਮਾਂ ਵਧਾ ਕੇ ਅੱਠ ਵਜੇ ਕਰ ਦਿੱਤਾ। ਫਿਰ 9 ਵਜੇ ਵੀ ਐਲਾਨ ਕੀਤਾ। ਉਸ ਸਮੇਂ 8 ਤੋਂ 10 ਬਜ਼ੁਰਗ ਬਾਹਰ ਨਿਕਲੇ।
ਉਨ੍ਹਾਂ ਦਾ ਕਹਿਣਾ ਸੀ ਕਿ ਦੂਜੇ ਲੋਕ ਆਉਣਾ ਚਾਹੁੰਦੇ ਹਨ ਪਰ ਆਉਣ ਨਹੀਂ ਦਿੱਤਾ ਜਾ ਰਿਹਾ। ਉਦੋਂ ਅਸੀਂ ਸੋਚਿਆ ਕਿ ਜੇਕਰ ਹੋਰ ਉਡੀਕ ਕੀਤੀ ਤਾਂ ਰਾਤ ਨਿਕਲ ਜਾਵੇਗੀ ਅਤੇ ਜਦੋਂ ਦਿਨ ਚੜ੍ਹੇਗਾ ਤਾਂ ਇਹ ਗੱਲ ਪੰਜਾਬ ਦੇ ਕੋਨੇ-ਕੋਨੇ ਤੱਕ ਫੈਲ ਜਾਵੇਗੀ।
ਉਦੋਂ ਲੱਖਾਂ ਸਿੱਖ ਆਪਣੀਆਂ ਬੰਦੂਕਾਂ ਅਤੇ ਤਲਵਾਰਾਂ ਲੈ ਕੇ ਇੱਥੇ ਆ ਜਾਣਗੇ। ਸਵੇਰ ਤੱਕ ਆਪਰੇਸ਼ਨ ਖ਼ਤਮ ਨਹੀਂ ਹੋਇਆ ਤਾਂ ਫੌਜ ਲਈ ਮੁਸ਼ਕਿਲ ਪੈਦਾ ਹੋ ਜਾਵੇਗੀ। ਇਸ ਲਈ ਸਾਢੇ ਨੌਂ ਵਜੇ ਦੇ ਕਰੀਬ ਆਪਰੇਸ਼ਨ ਦੀ ਸ਼ੁਰੂਆਤ ਹੋਈ। ਕਿਸ ਸਮੇਂ ਤੁਹਾਨੂੰ ਲੱਗਿਆ ਕਿ ਚੀਜ਼ਾਂ ਯੋਜਨਾਬੱਧ ਨਹੀਂ ਚੱਲ ਰਹੀਆਂ ਅਤੇ ਫੌਜ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ 45 ਮਿੰਟ ਵਿੱਚ ਉਨ੍ਹਾਂ ਦੀ ਤਾਕਤ, ਹਥਿਆਰ ਅਤੇ ਯੋਜਨਾ ਬਾਰੇ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਤਿਆਰੀ ਕਾਫ਼ੀ ਚੰਗੀ ਹੈ। ਅਜਿਹੇ ਵਿੱਚ ਇਹ ਆਪਰੇਸ਼ਨ ਐਨਾ ਸੌਖਾ ਨਹੀਂ ਹੋਵੇਗਾ। ਸਾਡੀ ਕੋਸ਼ਿਸ਼ ਸੀ ਕਿ ਕਮਾਂਡੋ ਅਕਾਲ ਤਖ਼ਤ ਵੱਲ ਜਾਣ। ਇਸ ਲਈ ਸਨ ਗ੍ਰੇਨੇਡ ਸੁੱਟੇ ਗਏ। ਜਿਸ ਨਾਲ ਆਦਮੀ ਮਰਦਾ ਨਹੀਂ ਹੈ ਪਰ ਅੱਖਾਂ 'ਚ ਅੱਥਰੂ ਆ ਜਾਂਦੇ ਹਨ ਤਾਂ ਜੋ ਓਨੀ ਦੇਰ 'ਚ ਕਮਾਂਡੋ ਅੰਦਰ ਚਲੇ ਜਾਣ। ਪਰ ਹਰ ਦਰਵਾਜ਼ੇ ਅਤੇ ਖਿੜਕੀ 'ਤੇ ਸੈਂਡਬੈਗ ਲੱਗੇ ਹੋਏ ਸੀ। ਇਸ ਲਈ ਇਸਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਬਲਕਿ ਇਹ ਸਨ ਗ੍ਰੇਨੇਡ ਸਾਡੇ ਹੀ ਜਵਾਨਾਂ 'ਤੇ ਆ ਰਹੇ ਸੀ। ਫਿਰ ਲੋੜ ਮੁਤਾਬਕ ਸਮੇਂ-ਸਮੇਂ 'ਤੇ ਰਣਨੀਤੀ 'ਚ ਬਦਲਾਅ ਕੀਤਾ ਜਾਂਦਾ ਰਿਹਾ।
ਸਵਾਲ : ਕੀ ਤਿੰਨ ਮੀਨਾਰਾਂ ਨੂੰ ਉਡਾਉਣਾ ਦਾ ਫ਼ੈਸਲਾ ਤੁਹਾਡਾ ਸੀ? ਉਸਦੇ ਪਿੱਛੇ ਕੀ ਰਣਨੀਤੀ ਸੀ।
ਜਵਾਬ : ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਮੀਨਾਰਾਂ 'ਤੇ ਸੈਂਡ ਬੈਗ ਲਗਾ ਕੇ ਅੱਤਵਾਦੀ ਮਸ਼ੀਨਗੰਨਜ਼ ਨਾਲ ਬੈਠੇ ਸੀ।
ਜਦੋਂ ਤੱਕ ਉਨ੍ਹਾਂ ਨੂੰ ਨਾ ਉਡਾਇਆ ਜਾਂਦਾ ਜਵਾਨਾਂ ਦਾ ਅੰਦਰ ਜਾਣਾ ਨਾਮੁਮਕਿਨ ਸੀ, ਕਿਉਂਕਿ ਉਨ੍ਹਾਂ ਮੀਨੀਰਾਂ ਤੋਂ ਸਿੱਧੀ ਫਾਇਰਿੰਗ ਹੋ ਰਹੀ ਸੀ।
ਸਵਾਲ : ਕੀ ਪੈਰਾਟਰੁੱਪਸ ਨੂੰ ਵੀ ਉੱਥੇ ਭੇਜਿਆ ਗਿਆ ਸੀ। ਸ਼ੁਰੂਆਤ 'ਚ ਕਿਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸੀ।
ਜਵਾਬ : ਨਹੀਂ ਪੈਰਾਟਰੂਪਰ ਨੂੰ ਨਹੀਂ ਡਿਗਾਇਆ ਗਿਆ ਸੀ। ਮੈਂ ਕੰਪਲੈਕਸ ਤੋਂ 50 ਗਜ਼ ਦੀ ਦੂਰੀ 'ਤੇ ਸੀ।
ਅੰਦਰ ਭੇਜੇ ਗਏ ਇਸਰਾਰ ਖ਼ਾਨ ਨੇ ਦੱਸਿਆ ਕਿ ਅੰਦਰੋਂ ਕਾਫ਼ੀ ਗੋਲੀਬਾਰੀ ਹੋ ਰਹੀ ਹੈ। ਮਸ਼ੀਨਗੰਨ ਅਤੇ ਗ੍ਰੇਨੇਡ ਸੁੱਟੇ ਜਾ ਰਹੇ ਹਨ।
ਅਸੀਂ ਅਕਾਲ ਤਖ਼ਤ ਦੀ ਪਹਿਲੀ ਮੰਜ਼ਿਲ 'ਤੇ ਜਾਣਾ ਚਾਹੁੰਦੇ ਸੀ ਪਰ ਇਸਰਾਰ ਦਾ ਕਹਿਣਾ ਸੀ ਕਿ ਪਹਿਲਾਂ ਪਰਿਕਰਮਾ ਨੂੰ ਸਾਫ਼ ਕੀਤਾ ਜਾਵੇ ਅਤੇ ਫਿਰ ਹੌਲੀ-ਹੌਲੀ ਅੱਗੇ ਵਧਿਆ ਜਾਵੇ। ਸ਼ੁਰੂ ਵਿੱਚ ਤੁਹਾਡੀ ਯੋਜਨਾ ਸੀ ਕਿ ਬਾਹਰੀ ਸੁਰੱਖਿਆ ਛੱਤਰੀ ਨੂੰ ਕਮਜ਼ੋਰ ਕੀਤਾ ਜਾਵੇ ਅਤੇ ਫਿਰ ਭਿੰਡਰਾਂਵਾਲੇ ਨੂੰ ਹਥਿਆਰ ਸੁੱਟਣ 'ਤੇ ਮਜਬੂਰ ਕੀਤਾ ਜਾ ਸਕੇ। ਉਹ ਰਣਨੀਤੀ ਕਿਉਂ ਸਫ਼ਲ ਨਹੀਂ ਹੋ ਸਕੀ। ਸਾਡੇ ਕੋਲ ਸਮਾਂ ਬਹੁਤ ਘੱਟ ਸੀ ਇਸ ਲਈ ਅਸੀਂ ਉਨ੍ਹਾਂ ਦੀ ਬਾਹਰੀ ਸੁਰੱਖਿਆ ਨੂੰ ਹਟਾ ਨਹੀਂ ਸਕੇ ਅਤੇ ਸਾਨੂੰ ਚਾਰੇ ਪਾਸਿਓਂ ਜਾਣਾ ਪਿਆ। ਇੱਕ ਥਾਂ ਕਾਮਯਾਬੀ ਨਹੀਂ ਮਿਲੀ ਤਾਂ ਸੋਚਿਆ ਸ਼ਾਇਦ ਦੂਜੀ ਥਾਂ 'ਤੇ ਮਿਲ ਜਾਵੇ।
ਸਵਾਲ : ਟੈਂਕਾਂ ਨੂੰ ਭੇਜਣ ਦਾ ਫ਼ੈਸਲਾ ਕਦੋਂ ਲਿਆ ਗਿਆ। ਕੀ ਇਹ ਤੁਹਾਡੀ ਯੋਜਨਾ 'ਚ ਪਹਿਲਾਂ ਤੋਂ ਹੀ ਸ਼ਾਮਲ ਸੀ?
ਜਵਾਬ : ਨਹੀਂ! ਬਿਲਕੁਲ ਯੋਜਨਾ ਵਿੱਚ ਸ਼ਾਮਲ ਨਹੀਂ ਸੀ। ਇਹ ਫ਼ੈਸਲਾ ਬਾਅਦ ਵਿੱਚ ਲਿਆ ਗਿਆ ਜਦੋਂ ਸਾਨੂੰ ਲੱਗਿਆ ਕਿ ਜਵਾਨ ਅਕਾਲ ਤਖ਼ਤ ਦੇ ਨੇੜੇ ਨਹੀਂ ਪਹੁੰਚ ਪਾ ਰਹੇ ਹਨ ਤਾਂ ਅੰਦਰ ਕਿਵੇਂ ਜਾ ਸਕਦੇ ਹਨ। ਹੋਰ ਦੇਰ ਹੁੰਦੀ ਤਾਂ ਸਵੇਰ ਹੋ ਜਾਣ ਦਾ ਡਰ ਸੀ। ਜੇਕਰ ਸਵੇਰ ਹੋ ਜਾਂਦੀ ਤਾਂ ਲੋਕਾਂ ਦੇ ਆਉਣ ਨਾਲ ਫੌਜ ਲਈ ਪ੍ਰੇਸ਼ਾਨੀ ਵਧ ਜਾਂਦੀ।
ਟੈਂਕਾਂ ਦੀ ਵਰਤੋਂ ਇਸ ਲਈ ਕੀਤੀ ਗਈ ਕਿ ਉਸਦੇ ਜ਼ਿਨੋਨ ਜਾਂ ਹੈਲੋਜਨ ਲਾਈਟ ਜ਼ਰੀਏ ਕੁਝ ਸਮੇਂ ਲਈ ਅੱਤਵਾਦੀਆਂ ਨੂੰ ਰੌਸ਼ਨੀ ਤੋਂ ਪਰਾਂ ਕੀਤਾ ਜਾਵੇ ਅਤੇ ਫੌਜ ਐਂਟਰੀ ਕਰ ਸਕੇ। ਪਰ ਲਾਈਟ ਫਿਊਜ਼ ਹੋ ਗਈ, ਫਿਰ ਦੂਜਾ ਟੈਂਕ ਲਾਇਆ ਗਿਆ। ਪਰ ਕਾਮਯਾਬੀ ਨਹੀਂ ਮਿਲੀ, ਜਦਕਿ ਸਵੇਰ ਵੀ ਹੋ ਰਹੀ ਸੀ। ਅਕਾਲ ਤਖ਼ਤ ਵੱਲੋਂ ਬੁਰੀ ਤਰ੍ਹਾਂ ਫਾਇਰਿੰਗ ਹੋ ਰਹੀ ਸੀ। ਉਦੋਂ ਇਹ ਹੁਕਮ ਦਿੱਤਾ ਗਿਆ ਕਿ ਟੈਂਕ ਜ਼ਰੀਏ ਅਕਾਲ ਤਖ਼ਤ ਦੇ ਉੱਪਰ ਵਾਲੇ ਹਿੱਸੇ 'ਤੇ ਫਾਇਰਿੰਗ ਕੀਤੀ ਜਾਵੇ। ਤਾਂ ਕਿ ਜਦੋਂ ਉੱਪਰ ਤੋਂ ਪੱਥਰ ਡਿੱਗਣ ਤਾਂ ਲੋਕ ਡਰ ਜਾਣ।
ਸਾਨੂੰ ਆਪਰੇਸ਼ਨ ਪੂਰਾ ਹੋਣ ਦਾ ਅੰਦਾਜ਼ਾ ਉਦੋਂ ਲੱਗਿਆ ਜਦੋਂ ਲੋਕ ਚਿੱਟੇ ਝੰਡੇ ਨਾਲ ਬਾਹਰ ਨਿਕਲੇ। ਉਦੋਂ ਪਤਾ ਲੱਗਿਆ ਕਿ ਭਿੰਡਰਾਂਵਾਲੇ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਸਿੱਖ ਖਾੜਕੂਆਂ ਦਾ ਹੌਸਲਾ ਟੁੱਟ ਗਿਆ। ਉਹ ਲੜਨ ਲਈ ਤਿਆਰ ਨਹੀਂ ਸਨ। ਕਈਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਈ ਲੋਕਾਂ ਨੇ ਸਰੋਵਰ ਅੰਦਰ ਛਾਲਾਂ ਮਾਰੀਆਂ ਅਤੇ ਉਹ ਫਾਇਰਿੰਗ ਦੀ ਲਪੇਟ ਵਿੱਚ ਆ ਗਏ।
ਸਵਾਲ : ਅਜਿਹੀ ਵੀ ਗੱਲ ਕਹੀ ਜਾਂਦੀ ਹੈ ਕਿ ਟੈਂਕ ਭੇਜਣ ਤੋਂ ਪਹਿਲਾਂ ਏਪੀਸੀ (ਫੌਜੀਆਂ ਨੂੰ ਲਿਜਾਉਣ ਵਾਲੀ ਬਖਤਰਬੰਦ ਗੱਡੀ) ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਰਾਕੇਟ ਲਾਂਚਰ ਨਾਲ ਉਡਾ ਦਿੱਤਾ ਗਿਆ।
ਜਵਾਬ : ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਰਾਕੇਟ ਲਾਂਚਰ ਵੀ ਹੈ।
ਏਪੀਸੀ ਜ਼ਰੀਏ ਕਮਾਂਡੋ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ।
ਸਵਾਲ : ਟੈਂਕ ਭੇਜਣ ਦਾ ਫ਼ੈਸਲਾ ਤੁਸੀਂ ਲਿਆ ਜਾਂ ਦਿੱਲੀ ਤੋਂ ਹੋਇਆ ਸੀ?
ਜਵਾਬ : ਇਹ ਕਹਿਣਾ ਮੇਰੇ ਲਈ ਮੁਸ਼ਕਿਲ ਹੈ, ਪਰ ਸਾਨੂੰ ਇਸਦਾ ਹੁਕਮ ਜਨਰਲ ਸਰਬਜੀਤ ਸਿੰਘ ਢਿੱਲੋਂ ਨੇ ਦਿੱਤਾ ਅਤੇ ਕਿਹਾ ਕਿ ਟੈਂਕ ਭੇਜਿਆ ਜਾਵੇ। ਉਨ੍ਹਾਂ ਨੇ ਜ਼ਰੂਰ ਦਿੱਲੀ ਤੋਂ ਇਜਾਜ਼ਤ ਲਈ ਹੋਵੇਗੀ।
ਸਵਾਲ : ਤੁਹਾਨੂੰ ਇਹ ਅੰਦਾਜ਼ਾ ਕਦੋਂ ਹੋਇਆ ਕਿ ਭਿੰਡਰਾਂਵਾਲੇ ਨਹੀਂ ਰਹੇ ਅਤੇ ਉਨ੍ਹਾਂ ਦੇ ਫੌਜੀ ਕਮਾਂਡਰ ਜਨਰਲ ਸੁਬੇਗ ਸਿੰਘ ਦੀ ਮੌਤ ਹੋ ਗਈ।
ਜਵਾਬ : ਜਦੋਂ ਕੁਝ ਲੋਕ ਚਿੱਟਾ ਝੰਡਾ ਲੈ ਕੇ ਨਿਕਲੇ ਅਤੇ ਫਾਇਰਿੰਗ ਵੀ ਬੰਦ ਹੋ ਗਈ ਤਾਂ ਲੱਗਿਆ ਕਿ ਕੁਝ ਹੋਇਆ ਹੈ ਅਤੇ ਫਿਰ ਉਨ੍ਹਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ।
ਸਵਾਲ : ਇਸ ਆਪਰੇਸ਼ਨ ਤੋਂ ਬਾਅਦ ਤੁਸੀਂ ਕੰਪਲੈਕਸ ਵਿੱਚ ਕਦੋਂ ਵੜੇ ਅਤੇ ਤੁਸੀਂ ਕੀ ਵੇਖਿਆ?
ਜਵਾਬ : ਜਦੋਂ ਖ਼ਬਰ ਆਈ ਕਿ ਭਿੰਡਰਾਂਵਾਲੇ ਮਾਰੇ ਗਏ ਤਾਂ ਅਸੀਂ ਅੰਦਰ ਵੜੇ, ਇਹ 6 ਜੂਨ ਸਵੇਰ ਨੂੰ ਲਗਭਗ 10 ਵਜੇ ਦਾ ਸਮਾਂ ਸੀ।
ਤੁਹਾਡੇ ਮੁਤਾਬਕ ਕਿੰਨੇ ਲੋਕ ਇਸ ਆਪਰੇਸ਼ਨ ਵਿੱਚ ਮਾਰੇ ਗਏ ਹੋਣਗੇ
ਪੂਰੇ ਅੰਕੜੇ ਤਾਂ ਫਿਲਹਾਲ ਮੇਰੇ ਕੋਲ ਨਹੀਂ ਹਨ ਪਰ ਫੌਜ ਦੇ 100 ਜਵਾਨ ਅਤੇ 300 ਖਾੜਕੂ ਮਾਰੇ ਗਏ।
ਸਵਾਲ : ਐਨੇ ਸਾਲ ਬਾਅਦ ਤੁਸੀਂ ਇਸ ਆਪਰੇਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ। ਕੋਈ ਪਛਤਾਵਾ, ਕੋਈ ਦੂਜਾ ਢੰਗ ਅਪਣਾਇਆ ਹੁੰਦਾ ਤਾਂ ਨਤੀਜੇ ਚੰਗੇ ਹੁੰਦੇ।
ਜਵਾਬ : ਮੈਂ ਤਾਂ ਇਹ ਜਾਣਦਾ ਹਾਂ ਕਿ ਜਦੋਂ ਇੱਕ ਵਾਰ ਵਰਦੀ ਪਾ ਲਈ ਅਤੇ ਕਸਮ ਖਾ ਲਈ ਹੈ ਕਿ ਇਸ ਦੇਸ ਦੀ ਰੱਖਿਆ ਕਰਾਂਗੇ ਅਤੇ ਇਸ ਦੇਸ ਨੂੰ ਟੁੱਟਣ ਨਹੀਂ ਦੇਵਾਂਗੇ ਤਾਂ ਫਿਰ ਅਸੀਂ ਨਹੀਂ ਸੋਚਦੇ ਕਿ ਸਿੱਖ ਹਾਂ ਜਾਂ ਹਿੰਦੂ।
ਇਹ ਤਾਂ ਮੈਂ ਕਈ ਵਾਰ ਸੋਚਿਆ ਹੈ ਕਿ ਕੋਈ ਹੋਰ ਤਰੀਕਾ ਹੋ ਸਕਦਾ ਸੀ ਜਾਂ ਨਹੀਂ। ਪਰ ਉਸ ਸਮੇਂ ਜਿਹੜੇ ਹਾਲਾਤ ਸੀ ਅਤੇ ਸਮੇਂ ਦੀ ਘਾਟ ਸੀ। ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਸੀ। ਪਰ ਜਦੋਂ 25 ਸਾਲ ਪਿੱਛੇ ਜਾਂਦੇ ਹਾਂ ਤਾਂ ਅਫਸੋਸ ਹੁੰਦਾ ਹੈ ਕਿ ਆਖ਼ਰ ਸਾਨੂੰ ਅਜਿਹਾ ਆਪਰੇਸ਼ਨ ਕਿਉਂ ਕਰਨਾ ਪਿਆ? ਜਦੋਂ ਆਪਣੇ ਲੋਕਾਂ 'ਤੇ ਹਮਲਾ ਕਰਨ ਪਿਆ?
ਪਰ ਅਜਿਹੇ ਸਮੇਂ ਕੀਤਾ ਹੀ ਕੀ ਜਾ ਸਕਦਾ ਹੈ ਕਿ ਜਦੋਂ ਆਪਣੇ ਦੇਸ ਦੇ ਲੋਕ ਹੀ ਅੱਤਵਾਦੀ ਬਣ ਜਾਣ ਅਤੇ ਪਾਕਿਸਤਾਨ ਨਾਲ ਹੱਥ ਮਿਲਾ ਲੈਣ? ਮਨ ਵਿੱਚ ਸਿਰਫ਼ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਆਪਣੇ ਹਰਿਮੰਦਰ ਸਾਹਿਬ ਨੂੰ ਗੰਦਗੀ ਤੋਂ ਸਾਫ਼ ਕਰ ਦਿੱਤਾ।
ਸਵਾਲ : ਜਨਰਲ ਬਰਾੜ ਤੁਸੀਂ ਖ਼ੁਦ ਸਿੱਖ ਹੋ ਇਸਦੇ ਬਾਵਜੂਦ ਤੁਸੀਂ ਇਸ ਆਪਰੇਸ਼ਨ ਦੀ ਅਗਵਾਈ ਕੀਤੀ। ਕਿਸੇ ਸਮੇਂ ਤੁਹਾਨੂੰ ਸੋਚਣ ਲਈ ਮਜਬੂਰ ਹੋਣਾ ਪਿਆ?
ਜਵਾਬ : ਮੈਂ ਤਾਂ ਇਹ ਜਾਣਦਾ ਹਾਂ ਕਿ ਜਦੋਂ ਇੱਕ ਵਾਰ ਵਰਦੀ ਪਾ ਲਈ ਅਤੇ ਕਸਮ ਖਾ ਲਈ ਹੈ ਕਿ ਇਸ ਦੇਸ ਦੀ ਰੱਖਿਆ ਕਰਾਂਗੇ ਅਤੇ ਇਸ ਦੇਸ ਨੂੰ ਟੁੱਟਣ ਨਹੀਂ ਦੇਵਾਂਗੇ। ਤਾਂ ਫਿਰ ਅਸੀਂ ਨਹੀਂ ਸੋਚਦੇ ਕਿ ਸਿੱਖ ਹਾਂ ਜਾਂ ਹਿੰਦੂ।
ਮੈਨੂੰ ਅਫ਼ਸੋਸ ਹੈ ਕਿ ਇਸ ਘਟਨਾ ਤੋਂ ਬਾਅਦ ਮੇਰੇ ਕਈ ਆਪਣਿਆਂ ਨੇ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ।
ਮੇਰੇ ਮਾਮਾ, ਜਿਹੜੇ ਇੰਗਲੈਡ ਵਿੱਚ ਰਹਿੰਦੇ ਸੀ, ਉਨ੍ਹਾਂ ਨੇ ਮੇਰੇ ਨਾਲ ਰਿਸ਼ਤਾ ਤੋੜ ਲਿਆ ਅਤੇ ਸਾਰੀ ਉਮਰ ਗੱਲ ਨਹੀਂ ਕੀਤੀ।
ਜਦੋਂ ਉਹ ਮੌਤ ਦੇ ਬਹੁਤ ਕਰੀਬ ਸੀ ਉਦੋਂ ਹੀ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ। ਪਰ ਅਜਿਹਾ ਤਾਂ ਹੁੰਦਾ ਹੀ ਹੈ, ਉਹ ਵੀ ਸਮਝ ਗਏ ਹੋਣਗੇ ਕਿ ਆਪਣੀ ਜ਼ਿੰਮੇਦਾਰੀ ਨਿਭਾਉਣਾ ਮੇਰੀ ਮਜਬੂਰੀ ਸੀ।
ਨੋਟ : ਇਹ ਵਾਰਤਾ ਜਨਰਲ ਬਰਾੜ ਦੀ ਬੀਬੀਸੀ ਨਾਲ 2009 ਵਿਚ ਹੋਈ ਸੀ, ਜਿਸ ਦਾ ਰੂਪਾਂਤਰ ਲਿਆ ਗਿਆ ਹੈ।