ਨਵੀਂ ਦਿੱਲੀ: ਦੇਸ਼ ਦੇ ਛੇ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਮੁੜ ਵਧਣ ਲੱਗੇ ਹਨ। ਇਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ 'ਚ ਆਪਣੇ ਵੱਲੋਂ ਮਾਹਿਰ ਟੀਮਾਂ ਭੇਜੀਆਂ ਹਨ। ਇਨ੍ਹਾਂ ਸੂਬਿਆਂ ਕੇਰਲ, ਅਰੁਣਾਚਲ ਪ੍ਰਦੇਸ਼, ਤਿ੍ਪੁਰਾ, ਓਡੀਸ਼ਾ, ਛੱਤੀਸਗੜ੍ਹ ਤੇ ਮਨੀਪੁਰ 'ਸ਼ਾਮਲ ਹਨ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੇਂਦਰੀ ਟੀਮ ਇਨ੍ਹਾਂ ਸੂਬਿਆਂ ਨੂੰ ਇਨਫੈਕਸ਼ਨ ਰੋਕਣ ਤੇ ਮਹਾਮਾਰੀ 'ਤੇ ਅਸਰਦਾਰ ਤਰੀਕੇ ਨਾਲ ਕਾਬੂ ਪਾਉਣ 'ਚ ਮਦਦ ਕਰੇਗੀ। ਹਰ ਟੀਮ 'ਚ ਦੋ ਮੈਂਬਰ ਹਨ ਜਿਸ 'ਚ ਇਕ ਕਲਿਨਿਕਲ ਤੇ ਇਕ ਜਨਤਕ ਸਿਹਤ ਸੇਵਾ ਦੇ ਮਾਹਿਰ ਸ਼ਾਮਲ ਹਨ। ਕੇਂਦਰੀ ਟੀਮਾਂ ਤਤਕਾਲ ਸੂਬਿਆਂ ਦਾ ਦੌਰਾ ਕਰਨਗੀਆਂ ਤੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ 'ਤੇ ਨਜ਼ਰ ਰੱਖਣਗੀਆਂ। ਖ਼ਾਸ ਕਰ ਜਾਂਚ, ਚੌਕਸੀ ਤੇ ਰੋਕਥਾਮ ਜਿਹੇ ਉਪਾਵਾਂ 'ਤੇ। ਇਸ ਤੋਂ ਇਲਾਵਾ ਬਚਾਅ ਦੇ ਉਪਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ, ਹਸਪਤਾਲ 'ਚ ਬੈੱਡ, ਐਂਬੂਲੈਂਸ, ਵੈਂਟੀਲੇਟਰ, ਆਕਸੀਜਨ ਆਦਿ ਦੀ ਉਪਲਬਧਤਾ ਵੀ ਯਕੀਨੀ ਕਰਨਗੀਆਂ। ਨਾਲ ਹੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਉਪਾਅ ਵੀ ਦੱਸਣਗੀਆਂ। ਕੋਰੋਨਾ ਮਹਾਮਾਰੀ ਨਾਲ ਨਜਿੱਠਣ 'ਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਲਈ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਆਪਣੇ ਵੱਲੋਂ ਮਾਹਿਰਾਂ ਦੀ ਟੀਮ ਭੇਜਦੀ ਰਹੀ ਹੈ। ਇਹ ਟੀਮਾਂ ਸੂਬਿਆਂ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਹਾਲਾਤ ਦਾ ਜਾਇਜ਼ਾ ਲੈਂਦੀਆਂ ਹਨ ਤੇ ਫਿਰ ਉਸੇ ਮੁਤਾਬਕ ਉਨ੍ਹਾਂ ਨਾਲ ਨਜਿੱਠਣ ਦੇ ਉਪਾਅ ਵੀ ਦੱਸਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਇਹ ਇਕ ਸਮੁੱਚੀ ਪ੍ਰਕਿਰਿਆ ਹੈ, ਤਾਂ ਕਿ ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਬਣਾਇਆ ਜਾ ਸਕੇ।