ਨਵੀਂ ਦਿੱਲੀ : ਨੀਤੀ ਆਯੋਗ ਸਿਹਤ ਸਕੱਤਰ ਡਾ: ਵੀ. ਕੇ. ਪੌਲ (Dr. V.K.Paul) ਨੇ ਜਾਣਕਾਰੀ ਦਿੱਤੀ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ‘ਮੋਡਰਨਾ ਵੈਕਸੀਨ’ ਨੂੰ ਭਾਰਤ ਵਿਚ ਵੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਵੈਕਸੀਨ ਦੀਆਂ ਵੀ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਦੇਸ਼ ਵਿੱਚ ਹੁਣ 4 ਐਂਟੀ-ਕੋਰੋਨਾ ਵੈਕਸੀਨਾਂ ਉਪਲਬਧ ਹਨ। ਇਹ ਹਨ ਕੋਵੈਕਸੀਨ, ਕੋਵੀਸ਼ੀਲਡ, ਸਪੁਤਨਿਕ-ਵੀ ਅਤੇ ‘ਮੋਡਰਨਾ’ । ਉਨਾਂ ਦੱਸਿਆ ਕਿ ‘ਫਾਈਜ਼ਰ’ ਨਾਲ ਵੀ ਇਕ ਸਮਝੌਤੇ ‘ਤੇ ਵੀ ਜਲਦੀ ਦਸਤਖਤ ਕੀਤੇ ਜਾਣਗੇ । ਕੋਰੋਨਾ ਦੀ ਤੀਜੀ ਲਹਿਰ ਸਬੰਧੀ ਕੇਂਦਰ ਸਰਕਾਰ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਕੋਵਿਡ ਟਾਸਕ ਫੋਰਸ ਦੇ ਮੁਖੀ ਡਾ: ਵੀ.ਕੇ. ਪਾਲ ਨੇ ਕਿਹਾ ਕਿ ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ‘ਚ ਹੈ। ਇਸ ‘ਚ ਸਮੁੱਚਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ।
ਇਸਦੇ ਨਾਲ ਹੀ ਡਾ: ਪੌਲ ਨੇ ਕਿਹਾ ਕਿ ਇਹ ਚਾਰੇ ਐਂਟੀ-ਕੋਰੋਨਾ ਟੀਕੇ (ਕੋਵੈਕਸੀਨ, ਕੋਵੀਸ਼ੀਲਡ, ਸਪੁਤਨਿਕ-ਵੀ ਅਤੇ ਮੋਡਰਨਾ) ਦੁੱਧ ਪਿਆਉਂਦੀਆਂ ਔਰਤਾਂ ਲਈ ਸੁਰੱਖਿਅਤ ਹਨ । ਅਜਿਹੀਆਂ ਮਹਿਲਾਵਾਂ ਨੂੰ ਇਸ ਨਾਲ ਕੋਈ ਜੋਖਮ ਨਹੀਂ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਟੀਕਿਆਂ ਦਾ ਬਾਂਝਪਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਟੀਕਾਕਰਨ ਸੰਬੰਧੀ ਗਰਭਵਤੀ ਔਰਤਾਂ ਲਈ ਜਲਦ ਹੀ ਐਡਵਾਈਜ਼ਰੀ ਜਾਰੀ ਕੀਤੀ ਜਾਏਗੀ। ਇਹ ਟੀਕਾ ਗਰਭਵਤੀ ਔਰਤਾਂ ਲਈ ਵੀ ਸੁਰੱਖਿਅਤ ਹੈ ਅਤੇ ਸਿਹਤ ਮੰਤਰਾਲੇ ਇਸ ਦੀ ਹੋਰ ਜਾਂਚ ਕਰ ਰਿਹਾ ਹੈ । ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਿਖਰ ‘ਤੇ ਪਹੁੰਚਣ ਤੋਂ ਬਾਅਦ ਹੁਣ ਇਹ ਮਹਾਂਮਾਰੀ ਘਟੀ ਹੈ। ਦੇਸ਼ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਦੇਸ਼ ਵਿਚ ਕੋਰੋਨਾ ਦੀ ਰਿਕਵਰੀ ਦੀ ਦਰ 96.9 ਪ੍ਰਤੀਸ਼ਤ ਹੈ । ਇਸ ਦੇ ਨਾਲ ਹੀ, ਜਿਲੇ ਜਿਥੇ ਹਰ ਰੋਜ਼ 100 ਤੋਂ ਵੱਧ ਨਵੇਂ ਕੇਸ ਆ ਰਹੇ ਹਨ, ਜਿਥੇ 4 ਮਈ ਦੌਰਾਨ 531 ਅਜਿਹੇ ਜ਼ਿਲ੍ਹੇ ਸਨ। ਇਹ ਗਿਣਤੀ 2 ਜੂਨ ਨੂੰ 262 ਜ਼ਿਲ੍ਹਿਆਂ ਵਿੱਚ ਆ ਗਈ ਅਤੇ ਹੁਣ ਦੇਸ਼ ਵਿੱਚ ਸਿਰਫ 111 ਜ਼ਿਲ੍ਹੇ ਅਜਿਹੇ ਹਨ ਜਿੱਥੇ ਰੋਜ਼ਾਨਾ 100 ਤੋਂ ਵੱਧ ਕੇਸ ਆ ਰਹੇ ਹਨ। ਦੇਸ਼ ਵਿਚ ਡੇਲਟਾ ਪਲੱਸ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਕੁੱਲ 51 ਮਾਮਲੇ ਸਾਹਮਣੇ ਆ ਚੁੱਕੇ ਹਨ।