ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਐਤਵਾਰ ਦੇਰ ਰਾਤ ਨੂੰ ਕੁਝ ਬਦਮਾਸ਼ ਇਕ ਕੱਪੜੇ ਦੇ ਵਪਾਰੀ ਦੇ ਘਰ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਕਾਰੋਬਾਰੀ ਅਤੇ ਉਸ ਦੇ ਦੋ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰੋਬਾਰੀ ਦੀ ਪਤਨੀ ਦੀ ਹਾਲਤ ਨਾਜ਼ੁਕ ਹੈ। ਬਦਮਾਸ਼ਾਂ ਦੀ ਪਛਾਣ ਅਜੇ ਨਹੀਂ ਹੋ ਪਾਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਗਾਜ਼ੀਆਬਾਦ ਦੇ ਐਸ.ਐਸ.ਪੀ ਅਮਿਤ ਪਾਠਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਦਮਾਸ਼ਾਂ ਨੇ ਇੱਕ ਪਰਿਵਾਰ 'ਤੇ ਗੋਲੀਆਂ ਚਲਾਈਆਂ ਹਨ। ਜਦੋਂ ਪੁਲਿਸ ਇਥੇ ਪਹੁੰਚੀ ਤਾਂ ਪਰਿਵਾਰ ਦੇ 4 ਮੈਂਬਰਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਇਕ ਸਾਹ ਲੈ ਰਿਹਾ ਸੀ ਅਤੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਐਸ.ਐਸ.ਪੀ ਅਮਿਤ ਪਾਠਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ 3 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਲਦੀ ਹੀ ਇਸ ਕਤਲ ਦੇ ਦੋਸ਼ੀ ਫੜੇ ਜਾਣਗੇ।
ਦੱਸ ਦਈਏ ਕਿ ਲੋਨੀ ਵਿੱਚ ਅਜੇ ਦੋ ਹਫਤੇ ਪਹਿਲਾਂ ਇੱਕ ਬਜ਼ੁਰਗ ਜੋੜੇ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਤਾਰ ਨਾਲ ਗਲਾ ਘੁੱਟ ਕੇ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਪੁੱਤਰ ਨੇ ਹੀ ਜਾਇਦਾਦ ਲਈ ਆਪਣੇ ਮਾਪਿਆਂ ਦੀ ਜਾਨ ਲੈ ਲਈ ਸੀ। ਹਾਲ ਹੀ ਵਿਚ, ਲੋਨੀ ਵਿਚ ਇਕ ਬਜ਼ੁਰਗ ਵਿਅਕਤੀ 'ਤੇ ਹੋਏ ਹਮਲੇ ਦੇ ਮਾਮਲੇ ਨਾਲ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਸੀ।