ਚੰਡੀਗੜ੍ਹ : ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਨੂੰ 7 ਮਹੀਨੇ ਪੂਰੇ ਹੋ ਗਏ ਹਨ। ਇਸ ਨੂੰ ਲੈ ਕੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਦੌਰਾਨ ਜੈਜ਼ੀ ਬੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰ ਰਹੇ ਹਨ। ਦੱਸ ਦਈਏ ਕਿ ਜੈਜ਼ੀ ਬੀ ਲਗਾਤਾਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਇਸੇ ਕਰਕੇ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਵੀ ਬੈਨ ਕਰ ਦਿੱਤਾ ਗਿਆ ਸੀ। ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਧਰਨੇ ਦੇ 7 ਮਹੀਨੇ ਪੂਰੇ ਹੋਣ 'ਤੇ ਕਿਸਾਨ ਦੇਸ਼ ਭਰ ਦੇ ਰਾਜਪਾਲਾਂ ਦੇ ਘਰਾਂ ਦਾ ਘਿਰਾਓ ਕਰ ਰਹੇ ਹਨ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਸੌਂਪਣਗੇ।
ਅੰਦੋਲਨ ਦੇ 7 ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਨੇ ਟਿਕਰੀ ਸਰਹੱਦ 'ਤੇ ਇਕ ਟਰੈਕਟਰ ਮਾਰਚ ਕੱਢਿਆ। ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਇਸ ਟਰੈਕਟਰ ਮਾਰਚ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨਾਲ ਜੁੜਨਾ ਅਤੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨਾ ਹੈ। ਕਿਸਾਨ ਆਗੂ ਕਹਿੰਦੇ ਹਨ ''ਕਿਸਾਨ ਅੰਦੋਲਨ ਦੇ 7 ਮਹੀਨਿਆਂ ਦੌਰਾਨ ਉਨ੍ਹਾਂ ਨੂੰ ਸਰਦੀਆਂ-ਗਰਮੀਆਂ, ਮੀਂਹ ਦੇ ਨਾਲ-ਨਾਲ ਹਨ੍ਹੇਰੀ ਅਤੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਕਾਲ ਨੂੰ ਵੀ ਵੇਖਿਆ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ।''