ਭੋਪਾਲ : ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਦੇ ਇਤਰਾਜ਼ਾਂ ’ਤੇ ਵਿਚਾਰ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸਰਕਾਰ 10-11 ਵਾਰ ਗੱਲ ਕਰ ਚੁਕੀ ਹੈ, 50 ਘੰਟੇ ਤੋਂ ਜ਼ਿਆਦਾ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਸਮਝਣ ਦਾ ਸਰਕਾਰ ਨੇ ਯਤਨ ਕੀਤਾ ਹੈ ਅਤੇ ਅੱਜ ਵੀ ਭਾਰਤ ਸਰਕਾਰ ਪੂਰਾ ਮਨ ਰਖਦੀ ਹੈ ਕਿ ਜਿਸ ਨਿਯਮ ’ਤੇ ਕਿਸਾਨਾਂ ਨੂੰ ਇਤਰਾਜ਼ ਹੈ ਉਹ ਖੁਲ੍ਹੇ ਮਨ ਨਾਲ ਦੱਸਣ, ਅਸੀਂ ਵਿਚਾਰ ਕਰਨ ਲਈ, ਹਲ ਕਰਨ ਲਈ ਤਿਆਰ ਹਾਂ।
ਤੋਮਰ ਨੇ ਕਿਹਾ, ‘‘ਜਦੋਂ ਵੀ ਕਿਸਾਨਾਂ ਵਲੋਂ ਸੱਦਾ ਆਵੇਗਾ ਉਦੋਂ ਹੀ ਅਸੀਂ ਯਕੀਨੀ ਰੂਪ ਨਾਲ ਅਸੀਂ ਗੱਲਬਾਤ ਲਈ ਤਿਆਰ ਰਹਾਂਗੇ।’’ ਤੋਮਰ ਇਥੇ ਭਾਜਪਾ ਦੀ ਅਨਸੂਚਤ ਜਾਤੀ, ਜਨਜਾਤੀ ਸੈੱਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਚ ਦਿਤੇ ਗਏ ਨਿਯਮਾਂ ’ਤੇ ਕਿਸਾਨਾਂ ਦੇ ਇਤਰਾਜ਼ ਸੁਣਨ ਲਈ ਅਸੀਂ ਹਮੇਸ਼ਾਂ ਤਿਆਰ ਹਾਂ ਤੇ ਇਨ੍ਹਾਂ ਇਤਰਾਜ਼ਾਂ ਦਾ ਹਲ ਵੀ ਕੀਤਾ ਜਾਵੇਗਾ। ਜਦੋਂ ਵੀ ਕਿਸਾਨ ਗੱਲਬਾਤ ਦਾ ਸੱਦਾ ਦੇਣਗੇ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਰਹੇਗੀ।
ਤੋਮਰ ਨੇ ਜੰਮੂ ਕਸ਼ਮੀਰ ਦੇ ਆਗੂਆਂ ਨਾਲ ਕੇਂਦਰ ਦੀ ਗੱਲਬਾਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਥੇ ਦੇ ਅਤਿਵਾਦ ਦੀ ਥਾਂ ਸ਼ਾਂਤੀ, ਸਦਭਾਵ ਅਤੇ ਵਿਕਾਸ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਜੋ ਪਹਿਲ ਅਤੇ ਕਲਪਨਾ ਹੈ ਉਸ ਨਾਲ ਜੰਮੂ ਕਸ਼ਮੀਰ ਵਿਚ ਅਤਿਵਾਦੀ ਲਈ ਕੋਈ ਥਾਂ ਨਹੀਂ ਬਚੇਗੀ।
ਹੋਰ ਖਾਸ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ :-