ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਬੈਂਕ ਆਫ਼ ਬੜੌਦਾ ਦੇ ਰੀਜਨਲ ਦਫ਼ਤਰ 'ਚ ਸ਼ੁੱਕਰਵਾਰ ਨੂੰ ਬਿਨਾਂ ਮਾਸਕ ਬੈਂਕ 'ਚ ਆਏ ਇਕ ਨੌਜਵਾਨ ਨੂੰ ਗਾਰਡ ਨੇ ਗੋਲੀ ਮਾਰ ਦਿੱਤੀ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਮਾਸਕ ਆਉਣ ਤੋਂ ਬਾਅਦ ਗਾਰਡ ਅਤੇ ਗਾਹਕ ਵਿਚਾਲੇ ਕਹਾਸੁਣੀ ਹੋਈ ਸੀ। ਇਸ ਤੋਂ ਬਾਅਦ ਗੁੱਸੇ 'ਚ ਗਾਰਡ ਨੇ ਗਾਹਕ ਨੂੰ ਗੋਲੀ ਮਾਰ ਦਿੱਤੀ। ਨਾਰਥ ਰੇਲਵੇ ਕਾਲੋਨੀ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਰਾਠੌੜ (35) ਟੈਲੀਕਾਮ ਡਿਪਾਰਟਮੈਂਟ 'ਚ ਹੈਲਪਰ ਹਨ। ਸ਼ੁੱਕਰਵਾਰ ਸਵੇਰੇ ਸਿਵਲ ਲਾਈਨਜ਼ ਸਥਿਤ ਬੈਂਕ ਆਫ਼ ਬੜੌਦਾ ਦੇ ਖੇਤਰੀ ਦਫ਼ਤਰ 'ਚ ਗਏ ਸਨ। ਬਿਨਾਂ ਮਾਸਕ ਦਫ਼ਤਰ ਦੇ ਅੰਦਰ ਆਉਣ 'ਤੇ ਗਾਰਡ ਨਾਲ ਉਨ੍ਹਾਂ ਦੀ ਕਹਾਸੁਣੀ ਹੋ ਗਈ। ਇਸ ਤੋਂ ਬਾਅਦ ਉਹ ਵਾਪਸ ਆਏ ਅਤੇ ਫਿਰ ਬਿਨਾਂ ਮਾਸਕ ਬੈਂਕ ਦੇ ਅੰਦਰ ਜਾਣ ਲੱਗੇ। ਜਿਸ 'ਤੇ ਸੁਭਾਸ਼ਨਗਰ ਦੇ ਰਹਿਣ ਵਾਲੇ ਗਾਰਡ ਕੇਸ਼ਵ ਕੁਮਾਰ ਨੇ ਵਿਰੋਧ ਕੀਤਾ। ਇਸ ਨੂੰ ਲੈ ਕੇ ਦੋਹਾਂ ਵਿਚਾਲੇ ਕਹਾਸੁਣੀ ਹੋਈ। ਗਾਰਡ ਨੇ ਆਪਣੀ ਬੰਦੂਕ ਨਾਲ ਰਾਜੇਸ਼ ਨੂੰ ਗੋਲੀ ਮਾਰ ਦਿੱਤੀ। ਗੋਲੀ ਉਸ ਦੇ ਪੈਰ 'ਚ ਲੱਗੀ। ਮਾਮਲੇ ਦੀ ਸੂਚਨਾ ਮਿਲਦੇ ਹੀ ਸੀ.ਓ., ਇੰਸਪੈਕਟਰ ਕੋਤਵਾਲੀ ਪੁਲਸ ਟੀਮ ਨਾਲ ਪਹੁੰਚ ਗਏ। ਜ਼ਖਮੀ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਗਾਰਡ ਕੇਸ਼ਵ ਕੁਮਾਰ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ।