ਸਿੱਟ ਨੇ ਜਾਂਚ ਵਿਚ ਲਿਆਂਦੇ ਦੋ ਨਕਲੀ ਡੀਐਸਪੀ : ਅਕਾਲੀ ਦਲ
ਚੰਡੀਗੜ੍ਹ : ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਬਣਾਈ ਗਈ ਨਵੀਂ ਸਿੱਟ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ ਜੋ ਕਿ ਨਕਲੀ ਡੀਐਸਪੀ ਸਨ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ।
ਮਜੀਠੀਆ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਵਿੱਚ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਬੀਰ ਨੂੰ ਇਹ ਸਿੱਟ ਦਾ ਡੀਐਸਪੀ ਬਣਾ ਕੇ ਲਿਆਈ ਸੀ ਤੇ ਅਸੀਂ ਨਕਲੀ ਸਿੰਗਲਾ ਨੂੰ ਅੰਦਰ ਪਛਾਣ ਲਿਆ। ਅਸੀਂ ਤਦ ਹੀ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸਿੱਟ ਨੇ ਉਸ ਦੇ ਉੱਚ ਆਗੂਆਂ ਨਾਲ ਝੂਠ ਬੋਲਿਆ ਕਿ ਉਹ ਦੋਵੇਂ ਡੀਐਸਪੀ ਹਨ। ਸਿੱਟ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਿਉਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਸਿਰਫ ਤਿੰਨ ਆਈਪੀਐਸ ਅਧਿਕਾਰੀਆਂ ਦੀ ਸ਼ੀਠ ਇਸ ਕੇਸ ਦੀ ਫ਼ਾਈਨਲ ਜਾਂਚ ਰਿਪੋਰਟ ਤੋਂ ਪਹਿਲਾਂ ਹੋਰ ਕਿਸੇ ਨਾਲ ਇਸ ਜਾਂਚ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਜਾਣਕਾਰੀ ਸ਼ੇਅਰ ਨਹੀਂ ਕਰੇਗੀ, ਮੀਡੀਆ ਨਾਲ ਵੀ ਨਹੀਂ।
ਸਿੱਟ ਇਸ ਮਾਮਲੇ ਦੀ ਜਾਂਚ ਸਬੰਧਤ ਮੈਜਿਸਟਰੇਟ ਤੋਂ ਇਲਾਵਾ ਕਿਸੇ ਹੋਰ ਚੌਥੇ ਵਿਅਕਤੀ ਨਾਲ ਸਾਂਝਾ ਨਹੀਂ ਕਰੇਗੀ, ਪਰ ਐਸਆਈਟੀ ਨੇ ਬਾਹਰੀ ਲੋਕਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ। ਅਕਾਲੀ ਦਲ ਨੇ ਇਹ ਦਸਤਾਵੇਜ਼ ਪੇਸ਼ ਕੀਤੇ ਕਿ ਉਹੀ ਕਾਨੂੰਨ ਅਧਿਕਾਰੀ ਵਿਜੈ ਸਿੰਗਲਾ ਆਪਣੀ ਨੌਕਰੀ ਦੌਰਾਨ 1500 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਲਈ ਲੁਧਿਆਣਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਹੋਇਆ ਕਰਦਾ ਸੀ ਤੇ ਕੇਸ ਰੱਦ ਵੀ ਹੋ ਗਿਆ ਸੀ।