ਚੰਡੀਗੜ੍ਹ : ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਹਾਲੇ ਵੱਡੇ ਬਾਦਲ ਸਾਹਬ ਨੂੰ ਸਾਹ ਨਹੀਂ ਆਇਆ ਹੁਣ ਉਪਰੋਂ ਸਪੈਸ਼ਲ ਜਾਂਚ ਟੀਮ ਵਲੋਂ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਗਿਆ ਹੈ। ਸੁਖਬੀਰ ਬਾਦਲ ਨੂੰ 26 ਜੂਨ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਵਾਰ ਸਪੈਸ਼ਲ ਜਾਂਚ ਟੀਮ ਜਾਂਚ ਲਈ ਬਾਦਲਾਂ ਦੇ ਸਰਕਾਰੀ ਫਲੈਟ ਵਿੱਚ ਜਾਣ ਦੀ ਥਾਂ ’ਤੇ ਸੁਖਬੀਰ ਬਾਦਲ ਨੂੰ ਆਪਣੇ ਕੋਲ ਬੁਲਾਉਣ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਸਨਿਚਰਵਾਰ ਸਵੇਰੇ 10:30 ’ਤੇ ਚੰਡੀਗੜ੍ਹ ਦੇ ਸੈਕਟਰ 32 ’ਚ ਪੁਲਿਸ ਦੇ ਦਫਤਰ ’ਚ ਸੱਦਿਆ ਗਿਆ ਹੈ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਜਿਥੇ ਕਿ ਉਨ੍ਹਾਂ ਨੂੰ ਇਕੱਲੇ ਹੀ ਪੇਸ਼ ਹੋਣ ਲਈ ਜਾਣਾ ਪਏਗਾ ਅਤੇ ਉਨਾਂ ਨਾਲ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦਸਣਯੋਗ ਹੈ ਕਿ ਬੀਤੇ ਦਿਨੀਂ ਪਰਕਾਸ਼ ਸਿੰਘ ਬਾਦਲ ਦੀ ਪੁੱਛ ਪੜਤਾਲ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਇਕੱਠੇ ਹੋ ਗਏ ਸਨ, ਜਿਸ ਨੂੰ ਲੈ ਕੇ ਇਤਰਾਜ਼ ਵੀ ਜ਼ਾਹਿਰ ਕੀਤਾ ਗਿਆ ਸੀ। ਸੁਖਬੀਰ ਬਾਦਲ ਨੂੰ ਇਸ ਮਾਮਲੇ ਵਿੱਚ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਪੇਸ਼ ਹੋਣ ਲਈ ਸੱਦਿਆ ਗਿਆ ਹੈ। ਪਰਕਾਸ਼ ਸਿੰਘ ਬਾਦਲ ਵਲੋਂ ਆਪਣੇ ਜੁਆਬ ਵਿੱਚ ਸਾਫ਼ ਕਿਹਾ ਗਿਆ ਸੀ ਕਿ ਉਨਾਂ ਕੋਲ ਗ੍ਰਹਿ ਵਿਭਾਗ ਨਹੀਂ ਸੀ ਅਤੇ ਉਹ ਬਤੌਰ ਮੁੱਖ ਮੰਤਰੀ ਹੀ ਇਸ ਮਾਮਲੇ ’ਤੇ ਨਜ਼ਰ ਰੱਖ ਰਹੇ ਸਨ। ਜਿਸ ਸਮੇਂ ਕੋਟਕਪੂਰਾ ਗੋਲੀ ਚਲੀ ਸੀ, ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਸਨ ਅਤੇ ਡੀ.ਜੀ.ਪੀ. ਸੁਮੇਧ ਸੈਣੀ ਸਨ। ਇਸ ਮਾਮਲੇ ਵਿੱਚ ਸੁਮੇਧ ਸੈਣੀ ਤੋਂ ਪਹਿਲਾਂ ਹੀ ਪੁੱਛ ਪੜਤਾਲ ਹੋ ਚੁੱਕੀ ਹੈ, ਜਦੋਂ ਕਿ ਸੁਖਬੀਰ ਬਾਦਲ ਨੂੰ ਹੁਣ ਸੱਦਿਆ ਗਿਆ ਹੈ ।