ਵਾਸ਼ਿੰਗਟਨ : ਕਈ ਗੱਡੀਆਂ 'ਤੇ ਸਵਾਰ ਹਮਲਾਵਰਾਂ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਗੋਲੀਆ ਚਲਾਈਆਂ। ਇਸ ਹਿੰਸਕ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੇ ਮਰਨ ਦੀ ਖ਼ਬਰ ਹੈ। ਦਸ ਦਈਏ ਕਿ ਇਹ ਵਾਰਦਾਤ ਅਮਰੀਕੀ ਸਰਹੱਦ ਨੇੜੇ ਮੈਕਸੀਕਨ ਸਿਟੀ ਦੇ ਰੇਨੋਸਾ ਵਿਚ ਵਾਪਰੀ। ਮਿਲੀ ਖ਼ਬਰ ਮੁਤਾਬਕ ਹਥਿਆਰ ਲਏ ਸ਼ਖਸ ਗੱਡੀ 'ਤੇ ਸਵਾਰ ਸਨ ਅਤੇ ਉਹਨਾਂ ਨੇ ਆਮ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਮਗਰੋਂ ਹਫੜਾ-ਦਫੜੀ ਮਚ ਗਈ। ਸੁਰੱਖਿਆ ਬਲਾਂ ਨੇ ਚਾਰ ਸ਼ੱਕੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਵਿਚੋਂ ਉਹ ਸ਼ਖਸ ਵੀ ਸ਼ਾਮਲ ਹੈ ਜੋ ਬਾਰਡਰ ਬ੍ਰਿਜ ਨੇੜੇ ਮਾਰਿਆ ਗਿਆ ਸੀ। ਇਹ ਹਮਲਾ ਸ਼ਨੀਵਾਰ ਦੁਪਹਿਰ ਨੂੰ ਸ਼ੁਰੂ ਹੋਇਆ। ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਵਿਚ ਰੇਨੋਸਾ ਦੀਆਂ ਗਲੀਆਂ ਵਿਚ ਲਾਸ਼ਾਂ ਇੱਧਰ-ਉੱਧਰ ਪਈਆਂ ਨਜ਼ਰ ਆ ਰਹੀਆਂ ਹਨ।