ਚੰਡੀਗੜ੍ਹ: ਅਜਿਹਾ ਵਿਅਕਤੀ ਜਿਹੜਾ ਵੰਡ ਦੇ ਦੰਗਿਆਂ 'ਚ ਬਾਲ-ਬਾਲ ਬਚਿਆ, ਜਿਸ ਦੇ ਪਰਿਵਾਰ ਦੇ ਕਈ ਮੈਂਬਰ ਉਸ ਦੀਆਂ ਅੱਖਾਂ ਸਾਹਮਣੇ ਹੀ ਕਤਲ ਕਰ ਦਿੱਤੇ ਗਏ, ਜਿਹੜਾ ਰੇਲਗੱਡੀ 'ਚ ਟਿਕਟ ਦੇ ਬਗੈਰ ਸਫ਼ਰ ਕਰਦਾ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਵੀ ਸੁਣਾਈ ਗਈ ਉਹ ਵਿਅਕਤੀ ਜਿਸ ਨੇ ਇੱਕ ਗਿਲਾਸ ਦੁੱਧ ਲਈ ਫ਼ੌਜ ਦੀ ਦੌੜ 'ਚ ਹਿੱਸਾ ਲਿਆ ਤੇ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣਿਆ। ਉਹ ਹੈ ਭਾਰਤ ਦੇ ਦਿੱਗਜ਼ ਦੋੜਾਕ ਮਿਲਖਾ ਸਿੰਘ ਜਿਸ ਨੂੰ ਫਲਾਇੰਗ ਸਿੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਮਿਲਖਾ ਸਿੰਘ ਭਾਰਤ ਦੇ ਇਕਲੌਤੇ ਅਜਿਹੇ ਅਥਲੀਟ ਹਨ, ਜਿਨ੍ਹਾਂ ਨੇ 400 ਮੀਟਰ ਦੀ ਦੌੜ ਵਿਚ ਏਸ਼ੀਆਈ ਖੇਡਾਂ ਦੇ ਨਾਲ ਨਾਲ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਜਿੱਤਿ ਹੋਇਆ ਸੀ। ਏਸ਼ੀਅਨ ਗੇਮਸ ਵਿਚ 4 ਗੋਲਡ ਮੈਡਲ, ਕਾਮਨਵੈਲਥ ਗੇਮਸ 'ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ। 'ਦ ਫਲਾਇੰਗ ਸਿੱਖ' ਦੇ ਨਾਮ ਨਾਲ ਮਸ਼ੂਹਰ ਇਸ ਦਿੱਗਜ਼ ਨੂੰ ਭਾਰਤੀ ਹੀ ਨਹੀਂ ਬਲਕਿ ਗੁਆਂਢੀ ਮੁਲਕ ਪਾਕਸਿਤਾਨ ਸਮੇਤ ਦੁਨੀਆਂ ਦੇ ਹਰ ਕੋਨੇ ਤੋਂ ਪਿਆਰ ਮਿਲਿਆ। ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਦਾ ਨਾਮ ਵੀ ਪਾਕਸਿਤਾਨੀ ਨੇ ਦਿੱਤਾ ਸੀ। 3 ਵਾਰ ਓਲੰਪੀਅਨ ਮਿਲਖਾ ਦਾ ਜਨਮ ਗੋਵਿੰਦਪੁਰਾ 'ਚ 20 ਨਵੰਬਰ 1929 ਨੂੰ ਜੋ ਕਿ ਹੁਣ ਪਾਕਿਸਤਾਨ ਵਿਚ ਹੈ ਹੋਇਆ ਪਰ ਉਹ ਆਜ਼ਾਦੀ ਤੋਂ ਬਾਅਦ ਭਾਰਤ ਆ ਗਏ। ਮਿਲਖਾ ਦੀ ਹੁਸ਼ਿਆਰੀ ਅਤੇ ਰਫ਼ਤਾਰ ਇਸ ਤਰ੍ਹਾਂ ਦੀ ਸੀ ਕਿ ਉਹਨਾਂ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਦੁਆਰਾ 'ਦਿ ਫਲਾਇੰਗ ਸਿੱਖ' ਦਾ ਨਾਮ ਦਿੱਤਾ ਗਿਆ। ਅਯੂਬ ਖਾਨ ਨੇ ਕਿਹਾ ਸੀ ਕਿ ਮਿਲਖਾ ਦੌੜ ਨਹੀਂ ਸਗੋਂ ਉੱਡ ਰਿਹਾ ਸੀ। ਮਿਲਖਾ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ ਵੀ ਇਸ ਘਟਨਾ ਨੂੰ ਦਰਸਾਉਂਦੀ ਹੈ ਕਿ ਜਦੋਂ ਮਿਲਖਾ-ਮਿਲਖਾ ਨਾਮ ਪਾਕਿਸਤਾਨ ਦੇ ਸਟੇਡੀਅਮ ਵਿਚ ਗੂੰਜਣਾ ਸ਼ੁਰੂ ਹੋਇਆ ਸੀ। ਉਸ ਨੇ ਲਾਹੌਰ ਵਿਚ ਪਾਕਿਸਤਾਨ ਦੇ ਚੋਟੀ ਦੇ ਦੌੜਾਕ ਅਬਦੁੱਲ ਖਾਲਿਕ ਨੂੰ ਹਰਾਇਆ ਸੀ। ਉਨ੍ਹਾਂ ਦਿਨਾਂ ਦੇ ਤਣਾਅ ਭਰੇ ਮਾਹੌਲ ਵਿਚ ਵੀ, ਸਟੇਡੀਅਮ ਮਿਲਖਾ ਦੀ ਜਿੱਤ ਵਿਚ ਝੂਮਣ ਲੱਗ ਪਿਆ ਸੀ। ਅਯੂਬ ਖਾਨ ਨੇ ਦੌੜ ਤੋਂ ਬਾਅਦ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦੇ ਹੋਏ ਕਿਹਾ ਸੀ ਕਿ , ' ਅੱਜ ਮਿਲਖਾ ਦੌੜ ਨਹੀਂ ਉੱਡ ਰਿਹਾ ਸੀ, ਇਸ ਲਈ ਅਸੀਂ ਉਸ ਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ। ਮਿਲਖਾ ਸਿੰਘ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਉਹਨਾਂ ਰੋਮ ਵਿਚ 1960 ਦੇ ਸਮਰ ਓਲੰਪਿਕ ਅਤੇ ਟੋਕਯੋ ਵਿਚ 1964 ਦੇ ਸਮਰ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ। ਇਸਦੇ ਨਾਲ ਹੀ ਉਹਨਾਂ ਨੇ 1958 ਅਤੇ 1962 ਏਸ਼ੀਆਈ ਖੇਡਾਂ ਵਿਚ ਵੀ ਸੋਨੇ ਦੇ ਤਗਮੇ ਜਿੱਤੇ। ਉਹਨਾਂ 1960 ਦੇ ਰੋਮ ਓਲੰਪਿਕ ਖੇਡਾਂ ਵਿਚ ਸਾਬਕਾ ਓਲੰਪਿਕ ਰਿਕਾਰਡ ਤੋੜਿਆ, ਪਰ ਤਗਮਾ ਗੁਆਇਆ। ਇਸ ਸਮੇਂ ਦੌਰਾਨ, ਉਹਨਾਂ ਅਜਿਹਾ ਰਾਸ਼ਟਰੀ ਰਿਕਾਰਡ ਬਣਾਇਆ, ਜੋ ਲਗਭਗ 40 ਸਾਲਾਂ ਬਾਅਦ ਟੁੱਟ ਗਿਆ। ਮਿਲਖਾ ਸਿੰਘ ਦਾ ਕਹਿਣਾ ਹੈ ਕਿ, ‘ਮੇਰੀ ਆਦਤ ਸੀ ਕਿ ਮੈਂ ਹਰ ਦੌੜ ਵਿਚ ਇੱਕ ਵਾਰ ਪਿੱਛੇ ਮੁੜਦਾ ਸੀ। ਰੋਮ ਓਲੰਪਿਕਸ ਵਿਚ ਦੌੜ ਬਹੁਤ ਨੇੜੇ ਸੀ ਅਤੇ ਮੈਂ ਇੱਕ ਜਬਰਦਸਤ ਸ਼ੁਰੂਆਤ ਕੀਤੀ, ਹਾਲਾਂਕਿ, ਮੈਂ ਇਕ ਵਾਰ ਪਿੱਛੇ ਮੁੜਿਆ ਅਤੇ ਸ਼ਾਇਦ ਇਹ ਉਹ ਥਾਂ ਹੈ ਜਿਥੇ ਮੈਂ ਇਸ ਨੂੰ ਯਾਦ ਕੀਤਾ।
ਇਸ ਦੌੜ ਵਿਚ ਕਾਂਸੀ ਦਾ ਤਗਮਾ ਜੇਤੂ ਦਾ ਸਮਾਂ 45.5 ਅਤੇ ਮਿਲਖਾ ਨੇ 45.6 ਸੈਕਿੰਡ ਵਿਚ ਦੌੜ ਪੂਰੀ ਕੀਤੀ। ’ਮਿਲਖਾ ਸਿੰਘ ਦੀ ਨਿੱਜੀ ਜ਼ਿੰਦਗੀ ਵੀ ਬਹੁਤ ਪ੍ਰੇਰਣਾਦਾਇਕ ਹੈ। 3 ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਮਿਲਖਾ ਨੇ ਬੈਟਲ ਆਫ਼ ਟਾਈਗਰ ਹਿਲ ਵਿਚ ਸ਼ਹੀਦ ਹੋਣ ਵਾਲੇ ਹਵਲਦਾਰ ਵਿਕਰਮ ਸਿੰਘ ਨੂੰ ਗੋਦ ਲਿਆ ਸੀ ਮਿਲਖਾ ਨੇ ਉਸ ਬੱਚੇ ਦਾ ਪੜ੍ਹਾਈ ਲਿਖਾਈ ਅਤੇ ਪਾਲਣ ਪੋਸ਼ਣ ਦਾ ਪੂਰਾ ਖਰਚਾ ਅਦਾ ਕਰਨ ਦਾ ਐਲਾਨ ਕੀਤਾ। ਆਜ਼ਾਦੀ ਤੋਂ ਬਾਅਦ, ਉਸਨੂੰ ਪੰਜਾਬ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਫਿਰ ਉਹ ਦਿੱਲੀ ਚਲੇ ਗਏ, ਜਿੱਥੇ ਉਹ ਕੁਝ ਸਮਾਂ ਆਪਣੀ ਭੈਣ ਦੇ ਪਰਿਵਾਰ ਨਾਲ ਰਹੇ ।
ਇਕ ਵਾਰ ਬਿਨਾਂ ਟਿਕਟ ਯਾਤਰਾ ਕਰਨ ਲਈ ਓਹਨਾ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਮਿਲਖਾ ਦੀ ਭੈਣ ਨੇ ਆਪਣੇ ਗਹਿਣੇ ਵੇਚ ਕੇ ਮਿਲਖਾ ਨੂੰ ਜੇਲ੍ਹ ਤੋਂ ਬਾਹਰ ਕਢਵਾਇਆ ਸੀ। ਮਿਲਖਾ ਦੀ ਜ਼ਿੰਦਗੀ 'ਤੇ ਅਧਾਰਤ ਬਾਲੀਵੁੱਡ ਫਿਲਮ ਵੀ ਬਣਾਈ ਗਈ ਹੈ। ਸਾਲ 2013 ਵਿਚ, ਭਾਗ ਮਿਲਖਾ ਭਾਗ ਫਿਲਮ ਵਿਚ ਫਰਹਾਨ ਅਖਤਰ ਨੇ ਮਿਲਖਾ ਦਾ ਕਿਰਦਾਰ ਨਿਭਾਇਆ ਸੀ ਤੇ ਫਿਲਮ ਨੇ 100 ਕਰੋੜ ਦਾ ਕਾਰੋਬਾਰ ਕੀਤਾ ਸੀ।
ਮਿਲਖਾ ਸਿੰਘ ਨੂੰ ਭਾਰਤ ਸਰਕਾਰ ਨੇ ਖੇਡਾਂ ਵਿਚ ਪਾਏ ਯੋਗਦਾਨ ਸਦਕਾ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਆ ਸੀ। ਕੋਰੋਨਾ ਮਹਾਂਮਾਰੀ ਨਾਲ ਪੀੜਤ ਹੋਣ ਤੋਂ ਬਾਅਦ 18 ਜੂਨ 2021 ਦੀ ਰਾਤ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ’ਤੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦੀ ਮੌਤ ਤੋਂ ਪੰਜ ਦਿਨ ਪਹਿਲਾਂ ਦੀ ਉਹਨਾਂ ਦੀ ਪਤਨੀ ਨਿਰਮਲ ਕੌਰ ਇਸ ਦੁਨੀਆਂ ਨੂੰ ਅਲ਼ਵਿਦਾ ਆਖ ਗਏ ਸੀ।