ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਦਿਹਾੜੀ ਮਜ਼ਦੂਰਾਂ ਲਈ ਘੱਟੋ ਘੱਟ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਹੈ ਅਤੇ ਸੋਧੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਰਾਜ ਦੇ ਮੁਕਾਬਲੇ ਦਿੱਲੀ ਦੀ ਘੱਟੋ ਘੱਟ ਉਜਰਤ ਸਭ ਤੋਂ ਵੱਧ ਹੈ। ਬਿਆਨ ਦੇ ਅਨੁਸਾਰ ਮਹਿੰਗਾਈ ਭੱਤੇ ਤਹਿਤ ਅਕੁਸ਼ਲ ਮਜ਼ਦੂਰਾਂ ਦੀ ਮਾਸਿਕ ਤਨਖਾਹ 15492 ਰੁਪਏ ਤੋਂ ਵਧਾ ਕੇ 15908 ਰੁਪਏ ਕਰ ਦਿੱਤੀ ਗਈ ਹੈ। ਅਰਧ-ਹੁਨਰਮੰਦ ਕਾਮਿਆਂ ਦੀ ਮਾਸਿਕ ਤਨਖਾਹ 17069 ਰੁਪਏ ਤੋਂ ਵਧਾ ਕੇ 17537 ਰੁਪਏ ਕੀਤੀ ਗਈ ਹੈ। ਹੁਨਰਮੰਦ ਕਾਮਿਆਂ ਲਈ ਮਹੀਨੇਵਾਰ ਤਨਖਾਹ 18797 ਰੁਪਏ ਤੋਂ ਵਧਾ ਕੇ 19291 ਰੁਪਏ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਕਰਮਚਾਰੀਆਂ ਦੇ ਸੁਪਰਵਾਈਜ਼ਰੀ ਅਤੇ ਕਲੈਰੀਕਲ ਕਾਡਰਾਂ ਲਈ ਘੱਟੋ ਘੱਟ ਉਜਰਤ ਦੀਆਂ ਦਰਾਂ ਵਿਚ ਵੀ ਵਾਧਾ ਕੀਤਾ ਗਿਆ ਹੈ। ਨਾਨ-ਮੈਟਿ੍ਰਕ ਕਰਮਚਾਰੀਆਂ ਲਈ ਮਾਸਿਕ ਤਨਖਾਹ 17069 ਰੁਪਏ ਤੋਂ ਵਧਾ ਕੇ 17537 ਰੁਪਏ ਅਤੇ ਦਸਵੀਂ ਦੇ ਕਰਮਚਾਰੀਆਂ ਲਈ 18797 ਰੁਪਏ ਤੋਂ ਵਧਾ ਕੇ 19291 ਰੁਪਏ ਕਰ ਦਿੱਤੀ ਗਈ ਹੈ। ਗ੍ਰੈਜੂਏਟ ਅਤੇ ਉੱਚ ਵਿਦਿਅਕ ਯੋਗਤਾਵਾਂ ਵਾਲੇ ਲੋਕਾਂ ਲਈ ਮਾਸਿਕ ਤਨਖਾਹ 20430 ਰੁਪਏ ਤੋਂ ਵਧਾ ਕੇ 20976 ਰੁਪਏ ਕੀਤੀ ਗਈ ਹੈ।