ਅਮਰੀਕੀ ਫ਼ੌਜ ’ਚ ਕੈਮੀਕਲ ਅਫ਼ਸਰ ਨਿਯੁਕਤ
ਇਟਲੀ ਵਾਸੀ ਮਹਿਕਪ੍ਰੀਤ ਨੇ ਮੁਕਾਬਲੇ ’ਚ ਕਈ ਦੇਸ਼ਾਂ ਨੂੰ ਪਛਾੜਿਆ
ਕੈਲੀਫੋਰਨੀਆ : ਦੇਸ਼ਾਂ-ਵਿਦੇਸ਼ਾਂ ’ਚ ਪੰਜਾਬੀ ਅਪਣੀ ਚੜ੍ਹਤ ਦੇ ਝੰਡੇ ਗੱਡਦੇ ਰਹੇ ਹਨ ਅਤੇ ਹੁਣ ਇਸੇ ਸਿਲਸਿਲੇ ਨੂੰ ਜਾਰੀ ਰਖਦਿਆਂ ਪੰਜਾਬੀ ਮੂਲ ਦੀ ਧੀ ਸਬਰੀਨਾ ਸਿੰਘ ਨੇ ਵੀ ਅਪਣੇ ਨਾਮ ਦੇ ਨਾਲ ਨਾਲ ਪੰਜਾਬੀਆਂ ਦਾ ਨਾਂ ਵੀ ਰੌਸ਼ਨ ਕੀਤਾ ਹੈ। ਦਰਅਸਲ ਕੈਲੀਫੋਰਨੀਆ ਦੀ ਐਪਲਵੈਲੀ ਤੋਂ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿਚ ਬਤੌਰ ਕੈਮੀਕਲ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਸਬਰੀਨਾ ਦੇ ਪਿਤਾ ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਨੇ ਅਮਰੀਕੀ ਫ਼ੌਜ ’ਚ ਸਬਰੀਨਾ ਦੀ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਪਣੀ ਧੀ ’ਤੇ ਬਹੁਤ ਮਾਣ ਹੈ। ਕੇਵਲ ਸਿੰਘ ਗਿੱਲ ਪੰਜਾਬ ਦੇ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ।
ਇਸੇ ਤਰ੍ਹਾਂ ਇਟਲੀ ਦੇ ਮਿਲਾਨ ਵਿਚ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ਼ ਆਰਟ ਐਂਡ ਡਿਜਾਇਨ ਯੂਨੀਵਰਸਟੀ ਤੋਂ ਫੈਸ਼ਨ ਡਿਜਾਇਨ ਦਾ ਕੋਰਸ 100/100 ਨੰਬਰ ਲੈ ਕੇ ਟਾਪ ਕੀਤਾ ਹੈ। ਨਾਬਾ ਇੰਟਰਨੈਸ਼ਨਲ ਐਕਡਮੀ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਟੀ ਮਿਲਾਨ ’ਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ ਜਿਸ ਨੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਮਹਿਕਪ੍ਰੀਤ ਦੀ ਇਸ ਪ੍ਰਾਪਤੀ ਨਾਲ ਇਟਲੀ ’ਚ ਉਸਦੇ ਮਾਪਿਆਂ ਅਤੇ ਇਥੇ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਹੋਇਆ ਹੈ। ਮਹਿਕਪ੍ਰੀਤ ਸੰਧੂ ਆਪਣੇ ਪਿਤਾ ਪਰਵਿੰਦਰ ਸਿੰਘ ਸੰਧੂ, ਮਾਤਾ ਸੁੱਖਜਿੰਦਰ ਜੀਤ ਕੌਰ ਤੇ ਭੈਣ ਜੋਬਨਪ੍ਰੀਤ ਸੰਧੂ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੀ ਹੈ। ਮਹਿਕਪ੍ਰੀਤ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ।