ਨਵੀਂ ਦਿੱਲੀ: ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਵਿਚ ਵਾਧੇ ਦਾ ਇੰਤਜ਼ਾਰ ਕਰ ਰਹੇ ਕੇਂਦਰੀ ਕਰਮਚਾਰੀਆਂ ਲਈ ਰਾਹਤ ਦੀ ਖ਼ਬਰ ਹੈ। 1 ਜੁਲਾਈ ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸੋਧ ਹੋਏ ਮਹਿੰਗਾਈ ਭੱਤੇ ਦੇ ਨਾਲ ਤਨਖ਼ਾਹ ਦਿੱਤੀ ਜਾਵੇਗੀ। ਇਸ ਸਬੰਧੀ ਇਸੇ ਮਹੀਨੇ ਇਕ ਬੈਠਕ ਹੋਵੇਗੀ। ਇਸ ਦੌਰਾਨ ਕਰਮਚਾਰੀਆਂ ਲਈ ਇਕ ਹੋਰ ਖੁਸ਼ਖ਼ਬਰੀ ਹੈ। ਦਰਅਸਲ ਨਵੋਦਿਆ ਵਿਦਿਆਲਿਆ ਸਕੂਲਾਂ ਵਿਚ ਕੰਮ ਕਰਨ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹੁਣ ਮਹਿੰਗਾਈ ਭੱਤੇ ਤੋਂ ਇਲਾਵਾ ਮੈਡੀਕਲ ਕਲੇਮ ਵੀ ਵਧਾ ਕੇ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਨੇ ਨਵੋਦਿਆ ਵਿਦਿਆਲਿਆ ਸਕੂਲਾਂ ਦੇ ਪ੍ਰਿੰਸੀਪਲ ਦੇ ਮੈਡੀਕਲ ਕਲੇਮ ਦੀ ਅਦਾਇਗੀ ਦੀ ਹੱਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵੱਲੋਂ ਇਸ ਸਬੰਧੀ ਇਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਇਸ ਤੇ ਤਹਿਤ ਐਨਵੀਐਸ ਦੇ ਪ੍ਰਿੰਸੀਪਲ ਦੇ ਮੈਡੀਕਲ ਕਲੇਮ ਨੂੰ ਪੰਜ ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਕਮੇਲ ਉਦੋਂ ਮਿਲੇਗਾ ਜਦੋਂ ਇਲਾਜ ਸਰਕਾਰੀ ਜਾਂ ਸੀਜੀਐਚਐਸ ਮਾਨਤਾ ਪ੍ਰਾਪਤ ਹਸਪਤਾਲ ਵਿਚ ਕਰਵਾਇਆ ਗਿਆ ਹੋਵੇ।
ਜਾਰੀ ਸਰਕੂਲਰ ਅਨੁਸਾਰ ਇਹ ਮੈਡੀਕਲ ਕਲੇਮ ਕਰਮਚਾਰੀ ਅਪਣੇ ਜਾਂ ਅਪਣੇ ਪਰਿਵਾਰ ਦੇ ਮੈਂਬਰਾਂ ਲਈ ਲੈ ਸਕਦਾ ਹੈ। ਹਾਲਾਂਕਿ ਕਲੇਮ ਲੈਣ ਲਈ ਕਰਮਚਾਰੀ ਦਾ ਨਾਂਅ ਸੀਜੀਐਸ ਕਾਰਡ ਵਿਚ ਦਰਜ ਹੋਣਾ ਲਾਜ਼ਮੀ ਹੈ। ਕਰਮਚਾਰੀਆਂ ਲਈ ਮੈਡੀਕਲ ਕਲੇਮ ਦੀ ਜ਼ਿਆਦਾਤਰ ਹੱਦ ਸਬੰਧੀ ਨਿਯਮ ਅਤੇ ਸ਼ਰਤਾਂ ਉਹੀ ਰਹਿਣਗੀਆਂ ਜੋ ਪਹਿਲਾਂ ਸਨ।