Friday, November 22, 2024
 

ਚੰਡੀਗੜ੍ਹ / ਮੋਹਾਲੀ

ਅਧਿਆਪਕ ਚੜ੍ਹੇ ਸਿਖਿਆ ਭਵਨ 'ਤੇ

June 16, 2021 05:17 PM

ਮੋਹਾਲੀ :  5 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦੀ 7ਵੀਂ ਮੰਜ਼ਿਲ ਉਤੇ ਜਾ ਚੜ੍ਹੇ। ਅਬੋਹਰ ਦੀ ਇੱਕ ਅਧਿਆਪਕਾ ਗੁਰਵੀਰ ਕੌਰ ਵੱਲੋਂ ਸਲਫਾਸ ਦੀਆ ਗੋਲ਼ੀਆਂ ਨਿਗਲ ਜਾਣ ਤੋਂ ਬਾਦ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਤ ਪੂਰੇ ਖਿਚਾਅ ਤੇ ਤਨਾਅਪੂਰਨ ਬਣੇ ਹੋਏ ਹਨ। ਕੱਚੇ ਅਧਿਆਪਕਾਂ ਨੇ ਭਵਨ ਉਪਰ ਚੜਨ ਦੀ ਕਿਸੇ ਨੂੰ ਭਿਨਕ ਨਹੀਂ ਲੱਗਣ ਦਿੱਤੀ। ਸ੍ਰੀ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਜਦੋਂ ਮਾਰਚ ਕਰਕੇ ਸਿੱਖਿਆ ਸਕੱਤਰ ਦੇ ਦਫ਼ਤਰ ਪਹੁੰਚੇ ਤਾਂ ਪੁਲਿਸ ਨੇ ਪਹੁੰਚ ਕੇ ਉਨ੍ਹਾਂ ਨੂੰ ਗੇਟ ਉਤੇ ਰੋਕ ਲਿਆ। ਇਸ ਤੋਂ ਤੁਰੰਤ ਪਹਿਲਾਂ ਹੀ ਸਿੱਖਿਆ ਭਵਨ ਵਿੱਚ ਪਹੁੰਚੇ 5 ਅਧਿਆਪਕ ਬਿਲਡਿੰਗ ਦੀ 7ਵੀਂ ਮੰਜ਼ਿਲ ਉਤੇ ਜਾ ਚੜ੍ਹੇ। ਇਸ ਦਾ ਪਤਾ ਲੱਗਿਆ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਾਹਰ ਸੈਂਕੜੇ ਅਧਿਆਪਕਾਂ ਨੇ ਸਿੱਖਿਆ ਭਵਨ ਦਾ ਘਿਰਾਓ ਸ਼ੁਰੂ ਕਰ ਦਿੱਤਾ। ਬਿਲਡਿੰਗ ਉੱਪਰ ਚੜ੍ਹੇ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰ ਲੈਣਗੇ। ਉਨ੍ਹਾਂ ਪ੍ਰਸ਼ਾਸ਼ਨ ਨੂੰ ਇਹ ਵੀ ਕਿਹਾ ਕਿ ਜੇਕਰ ਸਾਨੂੰ ਧੱਕੇ ਨਾਲ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਵੀ ਲੈ ਕੇ ਆਏ ਹਨ। ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਬਿਲਡਿੰਗ ਦੀ ਛੱਤ 'ਤੇ ਖੜੇ ਅਧਿਆਪਕ ਫ਼ੋਨ ਦੇ ਜ਼ਰੀਏ ਸੰਬੋਧਨ ਕਰ ਰਹੇ ਹਨ ਕਿ ਜੇਕਰ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਬਿਲਡਿੰਗ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂਗੇ। ਇਥੇ ਦਸ ਦਈਏ ਕਿ ਹਾਲੇ ਇਕ ਦਿਨ ਪਹਿਲਾਂ ਹੀ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸਿ਼ਸ਼ ਕੀਤੀ ਸੀ ਜਿਸ ਦੌਰਾਨ ਪੁਲਿਸ ਨੇ ਇਨ੍ਹਾਂ ਕੱਚੇ ਅਧਿਆਪਕਾਂ ਉਪਰ ਡਾਗਾਂ ਵੀ ਵਰਾਈਆਂ ਸਨ।
ਅੱਜ ਇਥੇ ਅਧਿਆਪਕਾਂ ਨੇ ਕਿਹਾ ਕਿ ਕਿਸੇ ਵੀ ਛੋਟੇ ਅਧਿਕਾਰੀ ਨਾਲ ਗੱਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਮੀਟਿੰਗ ਦਾ ਸਮਾਂ ਲੈਣ ਨਹੀਂ ਆਏ, ਤੁਰੰਤ ਮੀਟਿੰਗ ਕਰਕੇ ਹੀ ਕਿਸੇ ਸਿੱਟੇ ਉਤੇ ਪਹੁੰਚਣ ਤੋਂ ਬਿਨਾਂ ਇਥੋਂ ਨਹੀਂ ਉਠਣਗੇ। ਕੱਚੇ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਦੀ ਮੰਗ ਕਰ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਆਉਦਿਆਂ ਹੀ ਪੱਕੇ ਕਰਨਗੇ, ਪਰ ਅੱਜ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਖ਼ਬਰ ਲਿਖੇ ਜਾਣ ਤਕ ਰੇੜਕਾ ਜਾਰੀ ਸੀ ਅਤੇ ਪ੍ਰਸ਼ਾਸਨਕ ਅਧਿਕਾਰੀ ਅਧਿਆਪਕਾਂ ਨੂੰ ਹੇਠਾਂ ਉਤਾਰਨ ਲਈ ਯਤਨਸ਼ੀਲ ਸਨ।  

 

Have something to say? Post your comment

Subscribe