ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਧਾਨੀ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਤੀਜੀ ਲਹਿਰ ਸਬੰਧੀ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਮੈਂ ਖੁਦ ਦਿੱਲੀ ਦੇ ਕਈ ਹਸਪਤਾਲਾਂ 'ਚ ਗਿਆ ਹਾਂ। ਆਕਸੀਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਸੀਂ ਪਹਿਲੀਆਂ ਦੋ ਲਹਿਰਾਂ 'ਚ ਦੇਖਿਆ ਹੈ ਕਿ ਅਜਿਹੇ ਸਮੇਂ 'ਚ ਮੈਡੀਕਲ ਸਟਾਫ ਦੀ ਬਹੁਤ ਕਮੀ ਹੋ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ ਕਿ 5000 ਹੈਲਥ ਅਸਿਸਟੈਂਟ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਨੂੰ ਕਮਿਊਨਿਟੀ ਨਰਸਿੰਗ ਅਸਿਸਟੈਂਟ ਵੀ ਕਹਿੰਦੇ ਹਨ। ਭਰਤੀ ਤੋਂ ਬਾਅਦ ਇਨ੍ਹਾਂ 5000 ਨੌਜਵਾਨਾਂ ਨੂੰ 2-2 ਹਫ਼ਤਿਆਂ ਦੀ ਟ੍ਰੇਨਿੰਗ ਵੀ ਦਿਵਾਈ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯੂਕੇ ਤੇ ਇੰਗਲੈਂਡ 'ਚ ਕੋਰੋਨਾ ਦੀ ਤੀਜੀ ਲਹਿਰ ਆ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਅਸੀਂ ਵੀ ਤਿਆਰੀ 'ਚ ਲੱਗੇ ਹਾਂ।