ਚੰਡੀਗੜ੍ਹ: ਪੰਜਾਬ 'ਚ ਲੌਕਡਾਊਨ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਸ਼ਾਮ ਤਕ ਪੰਜਾਬ ਸਰਕਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਤੋਂ ਛੋਟ ਦੇ ਕੇ ਲੌਕਡਾਊਨ ਨੂੰ ਅੱਗੇ ਵਧਾ ਸਕਦੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਵੇਂ ਪੂਰੀ ਤਰ੍ਹਾਂ ਰੁਕੀ ਨਹੀਂ ਹੈ, ਪਰ ਸੂਬੇ 'ਚ 106 ਦਿਨਾਂ ਬਾਅਦ ਬੀਤੇ ਦਿਨੀਂ ਲਾਗ ਦੇ ਸਭ ਤੋਂ ਘੱਟ 629 ਨਵੇਂ ਕੇਸ ਸਾਹਮਣੇ ਆਏ। ਅਜਿਹੇ 'ਚ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੌਕਡਾਊਨ 'ਚ ਕਈ ਛੋਟਾਂ ਦੇ ਸਕਦੇ ਹਨ। ਇਸ ਤੋਂ ਪਹਿਲਾਂ 1 ਮਾਰਚ 2021 ਨੂੰ 635 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ ਤੇ ਉਦੋਂ ਇਹ ਗਿਣਤੀ ਲਗਾਤਾਰ ਵਧ ਰਹੀ ਸੀ। ਹਾਲਾਂਕਿ 1 ਮਾਰਚ ਨੂੰ 24 ਘੰਟੇ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 18 ਸੀ, ਪਰ ਸੋਮਵਾਰ (14 ਜੂਨ) ਨੂੰ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋਈ। ਸਿਹਤ ਵਿਭਾਗ ਅਨੁਸਾਰ 1650 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਐਕਟਿਵ ਮਰੀਜ਼ਾਂ ਦੀ ਗਿਣਤੀ 11, 913 'ਤੇ ਆ ਗਈ ਹੈ।