ਬੇਰੁੱਤ : ਸੀਰੀਆ ਦੇ ਉਤਰੀ ਸ਼ਹਿਰ ਵਿਖੇ ਇਕ ਹਸਪਤਾਲ ਵਿਚ ਮਿਜ਼ਾਇਲ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿਚ ਦੋ ਸਿਹਤ ਵਰਕਰਾਂ ਸਮੇਤ ਕੁੱਲ 13 ਲੋਕ ਮਾਰੇ ਗਏ। ਇਸ ਸ਼ਹਿਰ ’ਤੇ ਤੁਰਕੀ ਸਮਰਥਤ ਲੜਾਕਿਆਂ ਦਾ ਕਬਜ਼ਾ ਹੈ। ਅਧਿਕਾਰ ਕਾਰਕੁਨ ਅਤੇ ਸਹਾਇਤਾ ਸਮੂਹ ਨੇ ਇਹ ਜਾਣਕਾਰੀ ਦਿਤੀ। ਫ਼ਿਲਹਾਲ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਹਮਲੇ ਪਿਛੇ ਕਿਸ ਦਾ ਹੱਥ ਹੈ ਪਰ ਇਹ ਹਮਲੇ ਉਨ੍ਹਾਂ ਥਾਵਾਂ ’ਤੇ ਕੀਤੇ ਗਏ ਜਿਥੇ ਸਰਕਾਰੀ ਫ਼ੌਜੀ ਅਤੇ ਕੁਰਦ ਲੜਾਕੇ ਤਾਇਨਾਤ ਹਨ।
ਤੁਰਕੀ ਦੇ ਹਤਾਏ ਸੂਬੇ ਦੇ ਗਵਰਨਰ ਨੇ ਕਿਹਾ ਕਿ ਹਮਲੇ ਵਿਚ 13 ਗ਼ੈਰ ਮਿਲਟਰੀ ਨਾਗਰਿਕ ਮਾਰੇ ਗਏ ਅਤੇ 27 ਲੋਕ ਜ਼ਖ਼ਮੀ ਹੋ ਗਏ। ਗਵਰਨਰ ਦੇ ਦਫ਼ਤਰ ਨੇ ਹਮਲੇ ਲਈ ਸੀਰੀਅਨ ਕੁਰਦਿਸ਼ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ‘ਸੀਰੀਅਨ ਆਬਜ਼ਰਵੇਰਟਰੀ ਫ਼ਾਰ ਹਿਊਮਨ ਰਾਈਟਸ’ ਨੇ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਹੈ। ਵਿਰੋਧੀਆਂ ਦੇ ਕਬਜ਼ੇ ਵਾਲੀਆਂ ਥਾਵਾਂ ’ਤੇ ਸਿਹਤ ਕੇਂਦਰਾਂ ਦੀ ਮਦਦ ਕਰਨ ਵਾਲੇ ਸੀਰੀਅਨ ਅਮੇਰਿਕਨ ਮੈਡੀਕਲ ਸੁਸਾਇਟੀ ਨੇ ਦਸਿਆ ਕਿ ਆਫ਼ਰੀਨ ਸ਼ਹਿਰ ਦੇ ਅਲ ਸ਼ਿਫ਼ਾ ਹਸਪਤਾਲ ’ਤੇ ਦੋ ਮਿਜ਼ਾਈਲਾਂ ਦਾਗ਼ੀਆਂ ਗਈਆਂ ਜਿਨ੍ਹਾਂ ਵਿਚ ਪੋਲੀਕਲੀਨਿਕ ਵਿਭਾਗ, ਐਮਰਜੈਂਸੀ ਮੈਡੀਕਲ ਅਤੇ ਡਿਲੀਵਰੀ ਰੂਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਸਮੂਹ ਨੇ ਹਸਪਤਾਲ ’ਤੇ ਹਮਲੇ ਦੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਤੁਰਕੀ ਦੇ ਹਤਾਏ ਸੂਬੇ ਨੇ ਹਮਲੇ ਲਈ ਕੁਰਦ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਥੇ ਕੁਰਦ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੈਟਿਕ ਫ਼ੋਰਸਿਜ ਦੇ ਪ੍ਰਮੁੱਖ ਮਜਲੂਮ ਅਬਾਦੀ ਨੇ ਹਮਲੇ ਵਿਚ ਅਪਣੇ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਸਮਰਥਤ ਐਸ.ਡੀ.ਐਫ਼. ਅਜਿਹੇ ਹਮਲੇ ਦੀ ਨਿੰਦਾ ਕਰਦਾ ਹੈ ਜੋ ਬੇਕਸੂਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਸ ਨੇ ਇਸ ਨੂੰ ਅੰਤਰਰਾਸ਼ਟਰੀ ਉਲੰਘਣਾ ਦਸਿਆ।